ਕੇਂਦਰ ਲਿਆ ਰਹੀ ਹੈ ਨਵੇਂ ਨਿਯਮ, ਸਮਾਰਟ ਮੀਟਰਿੰਗ ਦੇ ਹਿਸਾਬ ਨਾਲ ਆਏਗਾ ਬਿਜਲੀ ਦਾ ਬਿੱਲ
Sunday, Apr 02, 2023 - 03:44 PM (IST)
ਨਵੀਂ ਦਿੱਲੀ- ਸਮਾਰਟ ਮੀਟਰ ਬਿਜਲੀ ਦੇ ਬਿੱਲ 'ਤੇ ਅਸਰ ਦਿਖਾਉਣ ਜਾ ਰਿਹਾ ਹੈ। ਇਸ ਨਾਲ ਉਪਭੋਗਤਾਵਾਂ ਨੂੰ ਆਪਣੀ ਖਪਤ 'ਤੇ ਨਜ਼ਰ ਰੱਖਣ ਦੀ ਸਹੂਲੀਅਤ ਤਾਂ ਮਿਲ ਜਾਵੇਗੀ ਪਰ ਉਸੇ ਹਿਸਾਬ ਨਾਲ ਬਿੱਲ ਦੀ ਰਾਸ਼ੀ ਵੀ ਬਦਲ ਜਾਵੇਗੀ। ਦਰਅਸਲ ਸਮਾਰਟ ਮੀਟਰ ਲੱਗਣ ਦੇ ਤੁਰੰਤ ਬਾਅਦ 'ਟਾਈਮ ਆਫ਼ ਡੇਅ' ਦੇ ਆਧਾਰ 'ਤੇ ਫ਼ੀਸ ਲੱਗੇਗੀ। ਇਸ 'ਚ ਪੀਕ ਡਿਮਾਂਡ ਅਤੇ ਘੱਟ ਡਿਮਾਂਡ ਦੇ ਹਿਸਾਬ ਨਾਲ ਬਿਜਲੀ ਯੂਨਿਟ ਦੀ ਦਰ ਬਦਲ ਜਾਇਆ ਕਰੇਗੀ। ਬਿਜਲੀ ਐਕਟ ਲਿਆਉਣ ਦੀ ਬਜਾਏ ਹੁਣ ਕੇਂਦਰ ਸਰਕਾਰ ਪੁਰਾਣੇ ਕਾਨੂੰਨ ਦੇ ਅਧੀਨ ਹੀ ਨਵੇਂ ਨਿਯਮ ਬਣਾਉਣ ਜਾ ਰਹੀ ਹੈ। ਨਵੇਂ ਨਿਯਮਾਂ ਦੇ ਅਧੀਨ ਸਮਾਰਟ ਮੀਟਰਿੰਗ ਦੇ ਹਿਸਾਬ ਨਾਲ ਬਿਜਲੀ ਦਾ ਬਿੱਲ ਆਏਗਾ।
ਸਮਾਰਟ ਮੀਟਰ ਨਾਲ ਬਿਜਲੀ ਬਿੱਲ 'ਚ ਤਬਦੀਲੀ ਦਾ ਫਾਰਮੈਟ ਤਿਆਰ ਕਰ ਲਿਆ ਗਿਆ ਹੈ। ਇਸ ਅਨੁਸਾਰ ਉਪਭੋਗਤਾ ਦੀ ਮਨਜ਼ੂਰੀ ਲੋਡ ਡਿਮਾਂਡ ਦੇ ਹਿਸਾਬ ਨਾਲ ਬਦਲ ਜਾਇਆ ਕਰੇਗੀ। ਯਾਨੀ ਉਪਭੋਗਤਾ ਦੀ ਬਿਜਲੀ ਦੀ ਖਪਤ ਉਸ ਦੇ ਮਨਜ਼ੂਰ ਲੋਡ ਤੋਂ ਵਾਰ-ਵਾਰ ਵੱਧ ਜਾਂਦੀ ਹੈ ਤਾਂ ਲੋਡ ਅਗਲੇ ਕਲੰਡਰ ਸਾਲ ਤੋਂ ਆਟੋਮੈਟਿਕ ਅਪਗ੍ਰੇਡ ਹੋ ਜਾਵੇਗਾ। ਇਹ ਪ੍ਰਣਾਲੀ ਲਾਗ ਹੋਣ ਤੋਂ ਬਾਅਦ ਸ਼ਾਮ 6 ਤੋਂ ਰਾਤ 10 ਵਜੇ ਤੱਕ ਪੀਕ ਘੰਟਿਆਂ ਲਈ ਫ਼ੀਸ ਵੱਧ ਹੋਵੇਗੀ ਅਤੇ ਦਿਨ ਦੇ ਸਮੇਂ ਘੱਟ ਹੋਵੇਗੀ। ਦੱਸ ਦੇਈਏ ਕਿ ਕੇਂਦਰ ਨੇ 31 ਮਾਰਚ 2025 ਤੱਕ ਪੂਰੇ ਦੇਸ਼ 'ਚ ਸਮਾਰਟ ਮੀਟਰ ਲਗਾਉਣਾ ਜ਼ਰੂਰੀ ਕਰ ਦਿੱਤਾ ਹੈ।