ਲਖਨਊ ''ਚ ਬਿਜਲੀ ਨਾਲ ਚੱਲਣ ਵਾਲੀ ਬੱਸ ਸੇਵਾ ਸ਼ੁਰੂ, ਜਾਣੋ ਖਾਸੀਅਤ
Sunday, Feb 10, 2019 - 06:33 PM (IST)

ਲਖਨਊ (ਵਾਰਤਾ)— ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਐਤਵਾਰ ਤੋਂ ਬਿਜਲੀ ਨਾਲ ਚੱਲਣ ਵਾਲੀ ਸਿਟੀ ਬੱਸ ਸੇਵਾ ਸ਼ੁਰੂ ਹੋ ਗਈ। ਉੱਤਰ ਪ੍ਰਦੇਸ਼ ਦੇ ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਕੁਮਾਰ ਖੰਨਾ ਨੇ ਬੱਸ ਸੇਵਾ ਨੂੰ ਆਲਮਬਾਗ ਡਿਪੋ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਬੱਸ ਨੂੰ 'ਟਾਟਾ ਮੋਟਰਜ਼' ਨੇ ਬਣਾਇਆ ਹੈ। ਲਖਨਊ ਸਿਟੀ ਟਰਾਂਸਪੋਰਟ ਸਰਵਿਸੇਜ਼ ਲਿਮਟਿਡ ਨੂੰ ਟਾਟਾ ਮੋਟਰਜ਼ ਮਾਰਚ ਤਕ 40 ਹੋਰ ਬਿਜਲੀ ਨਾਲ ਚੱਲਣ ਵਾਲੀਆਂ ਬੱਸਾਂ ਸੌਂਪੇਗਾ। ਸੁਰੇਸ਼ ਕੁਮਾਰ ਖੰਨਾ ਨੇ ਕਿਹਾ ਕਿ ਭਵਿੱਖ ਵਿਚ ਸੂਬਾ ਸਰਕਾਰ ਸ਼ਹਿਰ ਵਿਚ ਆਵਾਜਾਈ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਬਿਜਲੀ ਨਾਲ ਚੱਲਣ ਵਾਲੀਆਂ 500 ਬੱਸਾਂ ਖਰੀਦੇਗੀ। ਇਸ ਬੱਸ ਦੀ ਖਾਸੀਅਤ ਇਹ ਹੈ ਕਿ ਇਕ ਵਾਰ ਚਾਰਜਿੰਗ ਤੋਂ ਬਾਅਦ ਇਹ 150 ਕਿਲੋਮੀਟਰ ਦਾ ਸਫਰ ਕਰ ਸਕਦੀ ਹੈ। ਲਖਨਊ ਵਿਚ ਆਲਮਬਾਗ ਡਿਪੋ ਵਿਚ ਬੱਸਾਂ ਲਈ ਚਾਰਜਿੰਗ ਸਟੇਸ਼ਨ ਬਣਾਇਆ ਗਿਆ ਹੈ। ਬੱਸਾਂ ਏਅਰ ਕੰਡੀਸ਼ਨਡ ਹਨ ਅਤੇ ਇਸ 'ਚ 31 ਯਾਤਰੀ ਬੈਠ ਸਕਦੇ ਹਨ। ਬੱਸ ਵਿਚ ਲੀਥੀਅਮ-ਆਇਨ ਬੈਟਰੀ ਲੱਗੀ ਹੋਈ ਹੈ।
ਉੱਥੇ ਹੀ ਟਾਟਾ ਮੋਟਰਜ਼ ਦੇ ਵਾਈਸ ਪ੍ਰੈਸੀਡੈਂਟ ਰੋਹਿਤ ਸ਼੍ਰੀਵਾਸਤਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ ਵਿਚ ਬਿਜਲੀ ਨਾਲ ਚੱਲਣ ਵਾਲੀਆਂ ਬੱਸਾਂ ਜ਼ਰੀਏ ਉਨ੍ਹਾਂ ਦੀ ਕੰਪਨੀ ਈ-ਮੋਬਿਲਿਟੀ ਦੇ ਸੁਪਨੇ ਨੂੰ ਸਾਕਾਰ ਕਰ ਰਹੀ ਹੈ। ਟਾਟਾ ਮੋਟਰਜ਼ ਨੂੰ ਦੇਸ਼ ਦੇ 6 ਸ਼ਹਿਰਾਂ ਲਈ 225 ਬੱਸਾਂ ਦਾ ਆਰਡਰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਛੇਤੀ ਹੀ ਕੋਲਕਾਤਾ, ਇੰਦੌਰ, ਜੈਪੁਰ ਅਤੇ ਜੰਮੂ ਵਿਚ ਵੀ ਇਨ੍ਹਾਂ ਬੱਸਾਂ ਦੀ ਸੇਵਾ ਸ਼ੁਰੂ ਹੋਵੇਗੀ। ਇਨ੍ਹਾਂ ਬੱਸਾਂ ਨੂੰ ਧਾਰਵਾੜ ਵਿਚ ਬਣਾਇਆ ਜਾ ਰਿਹਾ ਹੈ।