ਜੰਮੂ-ਕਸ਼ਮੀਰ ’ਚ ਚੋਣਾਂ ਇਕੱਠੀਆਂ ਨਹੀਂ ਹੋਣਗੀਆਂ, ਸਾਰੀਆਂ 6 ਲੋਕ ਸਭਾ ਸੀਟਾਂ ’ਤੇ ਲੜੇਗੀ ਭਾਜਪਾ

Tuesday, Feb 27, 2024 - 12:39 PM (IST)

ਜੰਮੂ-ਕਸ਼ਮੀਰ ’ਚ ਚੋਣਾਂ ਇਕੱਠੀਆਂ ਨਹੀਂ ਹੋਣਗੀਆਂ, ਸਾਰੀਆਂ 6 ਲੋਕ ਸਭਾ ਸੀਟਾਂ ’ਤੇ ਲੜੇਗੀ ਭਾਜਪਾ

ਨਵੀਂ ਦਿੱਲੀ- ਗ੍ਰਹਿ ਮੰਤਰਾਲਾ ਨੇ ਲੋਕ ਸਭਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਦੀਆਂ 2 ਵਿਧਾਨ ਸਭਾਵਾਂ ਦੀਆਂ ਚੋਣਾਂ ਕਰਵਾਉਣ ਦੀ ਸੰਭਾਵਨਾ ਸੰਬੰਧੀ ਵੱਖ-ਵੱਖ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।

ਚੋਣ ਕਮਿਸ਼ਨ ਵੱਲੋਂ ਅਗਲੇ ਮਹੀਨੇ ਸੂਬੇ ਦਾ ਦੌਰਾ ਕਰਨ ਦੇ ਸੰਕੇਤ ਦਿੱਤੇ ਹਨ। ਸੱਤਾਧਾਰੀ ਮੋਦੀ ਸਰਕਾਰ ਵਿਚ ਵਿਆਪਕ ਦ੍ਰਿਸ਼ਟੀਕੋਣ ਇਹ ਹੈ ਕਿ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਸੰਸਦੀ ਅਤੇ ਵਿਧਾਨ ਸਭਾ ਚੋਣਾਂ ਨੂੰ ਵੱਖ-ਵੱਖ ਕਰਵਾਇਆ ਜਾਵੇ।

ਨਵੰਬਰ 2018 ਵਿਚ ਮਹਿਬੂਬਾ ਮੁਫਤੀ ਦੀ ਅਗਵਾਈ ਵਾਲੀ ਪੀ. ਡੀ. ਪੀ.-ਭਾਜਪਾ ਸਰਕਾਰ ਦੇ ਪਤਨ ਤੋਂ ਬਾਅਦ ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ ਗਿਆ ਸੀ ਅਤੇ ਧਾਰਾ 370 ਨੂੰ ਖਤਮ ਕਰਨ ਦੇ ਨਾਲ ਸਿਆਸੀ ਦ੍ਰਿਸ਼ ’ਚ ਵੱਡਾ ਬਦਲਾਅ ਆਇਆ ਹੈ ਅਤੇ ਸੂਬੇ ਨੂੰ 2 ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਬਦਲ ਦਿੱਤਾ ਗਿਆ।

ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ’ਚ ਲੋਕ ਸਭਾ ਚੋਣਾਂ ਬਹੁਤ ਦਿਲਚਸਪ ਹੋਣ ਜਾ ਰਹੀਆਂ ਹਨ ਕਿਉਂਕਿ ਭਾਜਪਾ ਸਾਰੀਆਂ 6 ਸੀਟਾਂ ’ਤੇ ਚੋਣ ਲੜੇਗੀ ਜਦਕਿ ਬਾਕੀ ਪਾਰਟੀਆਂ ਨੇ ਅਜੇ ਆਪਣੀ ਰਣਨੀਤੀ ਦਾ ਐਲਾਨ ਨਹੀਂ ਕੀਤਾ ਹੈ। ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ 2 ਸੀਟਾਂ ਜਿੱਤੀਆਂ ਸਨ ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਦੀਆਂ ਸਾਰੀਆਂ 6 ਲੋਕ ਸਭਾ ਸੀਟਾਂ ਜਿੱਤਣ ਦਾ ਟੀਚਾ ਰੱਖਿਆ ਹੈ।

ਨੈਸ਼ਨਲ ਕਾਨਫਰੰਸ ਨੇ ਵਾਦੀ ਵਿਚ 3 ਸੀਟਾਂ ਜਿੱਤੀਆਂ ਸਨ। ਭਾਜਪਾ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨਾਲ ਵੀ ਆਪਣੀ ਰਣਨੀਤੀ ਬਣਾਉਣੀ ਹੈ, ਜਿਨ੍ਹਾਂ ਨੇ ਕਾਂਗਰਸ ਛੱਡ ਕੇ ਆਪਣੀ ਖੁਦ ਦੀ ਸਿਆਸੀ ਪਾਰਟੀ ਬਣਾਈ ਸੀ, ਪਰ ਇਹ ਸਪੱਸ਼ਟ ਹੈ ਕਿ ਵਿਧਾਨ ਸਭਾ ਚੋਣਾਂ ਨੂੰ ਸੰਸਦੀ ਚੋਣਾਂ ਤੋਂ ਵੱਖ ਕਰ ਦਿੱਤਾ ਜਾਵੇਗਾ। ਲੋੜੀਂਦੀ ਸੁਰੱਖਿਅਤ ਅਤੇ ਸ਼ਾਂਤੀਪੂਰਨ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ 5 ਪੜਾਵਾਂ ਵਿਚ 6 ਸੀਟਾਂ ਲਈ ਵੋਟਿੰਗ ਕਰਵਾਏਗਾ।


author

Rakesh

Content Editor

Related News