ਵੋਟਰ ਸੂਚੀਆਂ ’ਚ ਸੋਧ ਪਿੱਛੋਂ ਹੋਣਗੀਆਂ ਜੰਮੂ-ਕਸ਼ਮੀਰ ’ਚ ਚੋਣਾਂ : ਉਪ-ਰਾਜਪਾਲ
Monday, Jul 04, 2022 - 11:51 AM (IST)
ਸ਼੍ਰੀਨਗਰ– ਲੋਕਰਾਜ ਨੂੰ ਭਾਰਤ ਦੀ ਆਤਮਾ ਦੱਸਦਿਆਂ ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨ੍ਹਾ ਨੇ ਕਿਹਾ ਹੈ ਕਿ ਵੋਟਰ ਸੂਚੀਆਂ ਵਿਚ ਸੋਧ ਦੀ ਪ੍ਰਕਿਰਿਆ ਮੁਕੰਮਲ ਹੋਣ ਪਿੱਛੋਂ ਕੇਂਦਰ ਸ਼ਾਸਿਤ ਖੇਤਰ ਜੰਮੂ-ਕਸ਼ਮੀਰ ’ਚ ਯਕੀਨੀ ਤੌਰ ’ਤੇ ਚੋਣਾਂ ਹੋਣਗੀਆਂ। ਇਸ ਨੂੰ ਸੂਬੇ ਦਾ ਦਰਜਾ ਵੀ ਢੁੱਕਵੇਂ ਸਮੇਂ ’ਤੇ ਦਿੱਤਾ ਜਾਏਗਾ।
ਉਨ੍ਹਾਂ ਇਹ ਟਿੱਪਣੀ ਸ਼ਨੀਵਾਰ ਰਾਤ ਇਥੇ ਇਕ ਪ੍ਰੋਗਰਾਮ ’ਚ ਕੀਤੀ। ਕਾਂਗਰਸ ਦੇ ਇਕ ਸੀਨੀਅਰ ਨੇਤਾ ਕਰਮ ਸਿੰਘ ਨੇ ਵਿਧਾਨ ਸਭਾ ਦੀਆਂ ਚੋਣਾਂ ਕਰਵਾਉਣ ਤੇ ਜੰਮੂ-ਕਸ਼ਮੀਰ ਦਾ ਸੂਬੇ ਦਾ ਦਰਜਾ ਬਹਾਲ ਕਰਨ ਦੀ ਮੰਗ ਕੀਤੀ ਸੀ। ਉਪ-ਰਾਜਪਾਲ ਨੇ ਕਿਹਾ ਕਿ ਲੋਕਰਾਜ ਤੇ ਭਾਰਤ ਇਕ-ਦੂਜੇ ਦੇ ਪੂਰਕ ਹਨ। ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਸੰਸਦ ’ਚ ਕਈ ਵਾਰ ਕਿਹਾ ਹੈ ਕਿ ਜੰਮੂ-ਕਸ਼ਮੀਰ ’ਚ ਚੋਣਾਂ ਹੋਣਗੀਆਂ। ਇਥੇ ਹੱਦਬੰਦੀ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਵੋਟਰ ਸੂਚੀਆਂ ’ਚ ਵੀ ਸੋਧ ਦਾ ਕੰਮ ਚੱਲ ਰਿਹਾ ਹੈ। ਉਸ ਪਿੱਛੋਂ ਯਕੀਨੀ ਤੌਰ ’ਤੇ ਚੋਣਾਂ ਹੋਣਗੀਆਂ।