ਇਲੈਕਸ਼ਨ ਡਾਇਰੀ : ਜਦ ਭਾਜਪਾ ਨੂੰ ਲੈ ਡੁੱਬਿਆ ਓਵਰਕਾਨਫੀਡੈਂਸ ਅਤੇ ਇੰਡੀਆ ਸ਼ਾਈਨਿੰਗ
Saturday, May 04, 2019 - 12:43 PM (IST)

ਜਲੰਧਰ (ਨਰੇਸ਼ ਕੁਮਾਰ)— ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ 'ਚ ਭਾਵੇਂ ਹੀ ਆਰਥਿਕ ਤਰੱਕੀ ਦੀ ਰਫਤਾਰ ਤਸਲੀਬਖਸ਼ ਨਹੀਂ ਸੀ ਪਰ ਦੇਸ਼ ਵਿਚ ਰਾਜ ਮਾਰਗ ਦਾ ਕੰਮ ਤੇਜ਼ੀ ਨਾਲ ਹੋਇਆ ਸੀ। ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਧਾਨ ਸਭਾ ਚੋਣਾਂ ਵਿਚ ਜਿੱਤ ਦੇ ਆਤਮ-ਵਿਸ਼ਵਾਸ਼ 'ਚ ਲੋਕ ਸਭਾ ਚੋਣਾਂ ਜਲਦੀ ਕਰਵਾਉਣੀਆਂ ਅਤੇ ਇੰਡੀਆ ਸ਼ਾਈਨਿੰਗ ਮੁਹਿੰਮ ਵਾਜਪਾਈ ਸਰਕਾਰ ਦੀ ਵੱਡੀ ਭੁੱਲ ਸੀ ਅਤੇ ਓਵਰਕਾਨਫੀਡੈਂਸ ਭਾਜਪਾ ਨੂੰ ਲੈ ਡੁੱਬਾ।
2004 ਵਿਚ ਜਦ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਤਾਂ ਭਾਜਪਾ ਸੱਤਾ ਤੋਂ ਬੇਦਖਲ ਹੋ ਚੁੱਕੀ ਸੀ। ਉਸ ਦੌਰ ਵਿਚ ਵੀ ਹਰ ਕੋਈ ਸਰਕਾਰ ਦੀ ਵਾਪਸੀ ਦੀ ਉਮੀਦ ਕਰ ਰਿਹਾ ਸੀ ਕਿਉਂਕਿ ਵਾਜਪਾਈ ਦੇ ਅਕਸ 'ਤੇ ਕੋਈ ਦਾਗ ਨਹੀਂ ਸੀ ਪਰ ਸਰਕਾਰ ਦੀ ਇੰਡੀਆ ਸ਼ਾਈਨਿੰਗ ਮੁਹਿੰਮ ਵਿਚ ਇੰਨੇ ਸੁਰਾਖ ਸਨ ਕਿ ਕਾਂਗਰਸ ਨੇ ਆਸਾਨੀ ਨਾਲ ਇਸ ਨੂੰ ਸੰਨ੍ਹ ਲਾ ਕੇ ਨੈਗੇਟਿਵ ਮੁਹਿੰਮ ਸ਼ੁਰੂ ਕੀਤੀ, ਜੋ ਭਾਜਪਾ ਦੀ ਮੁਹਿੰਮ ਦੇ ਮੁਕਾਬਲੇ ਜ਼ਿਆਦਾ ਅਸਰਦਾਰ ਸੀ। ਇਸ ਤੋਂ ਇਲਾਵਾ 2002 ਦੇ ਗੁਜਰਾਤ ਦੰਗਿਆਂ ਤੋਂ ਬਾਅਦ ਗੁਜਰਾਤ ਦੇ ਉਸ ਸਮੇਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਗੱਦੀ ਤੋਂ ਨਾ ਹਟਾਉਣਾ ਵੀ ਭਾਜਪਾ ਨੂੰ ਕਿਤੇ ਨਾ ਕਿਤੇ ਭਾਰੀ ਪਿਆ। 2004 'ਚ ਜਦ ਨਤੀਜੇ ਆਏ ਤਾਂ ਭਾਜਪਾ, ਕਾਂਗਰਸ ਦੇ ਮੁਕਾਬਲੇ 7 ਸੀਟਾਂ ਨਾਲ ਪਿੱਛੇ ਰਹਿ ਗਈ। ਕਾਂਗਰਸ ਨੂੰ 145 ਸੀਟਾਂ ਹਾਸਲ ਹੋਈਆਂ ਜਦਕਿ ਭਾਜਪਾ ਨੂੰ 138 ਸੀਟਾਂ ਹਾਸਲ ਹੋਈਆਂ। ਅਜਿਹੇ 'ਚ ਜਦ ਸਰਕਾਰ ਬਣਾਉਣ ਦਾ ਮੌਕਾ ਆਇਆ ਤਾਂ ਕਾਂਗਰਸ ਨੇ ਆਸਾਨੀ ਨਾਲ ਬਹੁਮਤ ਸਾਬਤ ਕਰ ਦਿੱਤਾ।