ਇਲੈਕਸ਼ਨ ਡਾਇਰੀ: ...ਜਦੋਂ ਮੁਫਤੀ ਮੁਹੰਮਦ ਸਈਦ ਦੀ ਬੇਟੀ ਦੇ ਬਦਲੇ ਛੱਡੇ 5 ਅੱਤਵਾਦੀ
Monday, Apr 29, 2019 - 12:12 PM (IST)

ਜੰਮੂ— ਸਾਬਕਾ ਪ੍ਰਧਾਨ ਮੰਤਰੀ ਵੀ. ਪੀ. ਸਿੰਘ ਨੂੰ ਦੇਸ਼ 'ਚ ਓ. ਬੀ. ਸੀ. ਰਾਖਵੇਂਕਰਨ ਲਈ ਯਾਦ ਕੀਤਾ ਜਾਂਦਾ ਹੈ ਪਰ ਆਪਣੇ ਕਾਰਜਕਾਲ 'ਚ ਉਨ੍ਹਾਂ ਨੇ ਇਕ ਵੱਡੀ ਗਲਤੀ ਕੀਤੀ, ਜਿਸ ਦਾ ਖਮਿਆਜ਼ਾ ਦੇਸ਼ ਨੂੰ ਲੰਬੇ ਸਮੇਂ ਲਈ ਭੁਗਤਾਨ ਪਿਆ। ਇਹ ਗਲਤੀ ਉਨ੍ਹਾਂ ਦੀ ਸਰਕਾਰ ਦੇ ਗ੍ਰਹਿ ਮੰਤਰੀ ਮੁਫਤੀ ਮੁਹੰਮਦ ਸਈਦ ਦੀ ਬੇਟੀ ਰੂਬੀਆ ਸਈਦ ਨੂੰ ਅੱਤਵਾਦੀਆਂ ਕੋਲੋਂ ਛੁਡਵਾਉਣ ਦੇ ਬਦਲੇ 5 ਅੱਤਵਾਦੀਆਂ ਨੂੰ ਛੱਡਣ ਦੀ ਕੀਤੀ ਸੀ। ਦਰਸਅਲ 1989 ਵਿਚ 23 ਸਾਲਾ ਰੂਬੀਆ ਸਈਦ ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ। ਰੂਬੀਆ ਨੂੰ ਅਗਵਾ ਕਰਨ ਦੀ ਵਾਰਦਾਤ ਮੁਫਤੀ ਦੇ ਸਹੁੰ ਚੁੱਕ ਸਮਾਗਮ ਤੋਂ 6 ਦਿਨ ਬਾਅਦ ਹੀ ਹੋ ਗਈ ਸੀ। ਉਨ੍ਹਾਂ 2 ਦਸੰਬਰ 1989 ਨੂੰ ਸਹੁੰ ਚੁੱਕੀ ਸੀ ਅਤੇ 8 ਦਸੰਬਰ ਨੂੰ ਉਨ੍ਹਾਂ ਦੀ ਬੇਟੀ ਨੂੰ ਅਗਵਾ ਕਰ ਲਿਆ ਗਿਆ ਸੀ।
ਜਿਸ ਸਮੇਂ ਮੁਫਤੀ ਨੂੰ ਆਪਣੀ ਬੇਟੀ ਦੇ ਅਗਵਾ ਹੋਣ ਬਾਰੇ ਪਤਾ ਲੱਗਾ, ਉਸ ਵੇਲੇ ਉਹ ਸੁਰੱਖਿਆ ਨੂੰ ਲੈ ਕੇ ਪਹਿਲੀ ਮੀਟਿੰਗ ਕਰ ਰਹੇ ਸਨ। ਬੇਟੀ ਦੇ ਅਗਵਾ ਹੋਣ ਦੀ ਖਬਰ ਮਿਲਦੇ ਸਾਰ ਹੀ ਉਹ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਸਰਕਾਰ 'ਤੇ ਆਪਣੀ ਬੇਟੀ ਨੂੰ ਛੁਡਾਉਣ ਦਾ ਦਬਾਅ ਪਾਇਆ ਅਤੇ ਪ੍ਰਧਾਨ ਮੰਤਰੀ ਦਫਤਰ ਵਿਚ ਕੈਬਨਿਟ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਆਪਣੀ ਬੇਟੀ ਵਾਪਸ ਚਾਹੀਦੀ ਹੈ। ਉਸ ਸਮੇਂ ਜੰਮੂ-ਕਸ਼ਮੀਰ 'ਚ ਫਾਰੂਕ ਅਬਦੁੱਲਾ ਦੀ ਸਰਕਾਰ ਸੀ ਅਤੇ ਅਬਦੁੱਲਾ ਅੱਤਵਾਦੀਆਂ ਨੂੰ ਛੱਡਣ ਦੇ ਪੱਖ 'ਚ ਨਹੀਂ ਸਨ ਪਰ ਮੁਫਤੀ ਦੇ ਦਬਾਅ 'ਚ ਵੀ. ਪੀ. ਸਿੰਘ ਨੇ ਆਈ. ਕੇ. ਗੁਜਰਾਲ, ਆਰਿਫ ਮੁਹੰਮਦ ਖਾਨ ਅਤੇ ਐੱਮ. ਕੇ. ਨਾਰਾਇਣਨ ਦਾ ਇਕ ਵਫਦ ਸ਼੍ਰੀਨਗਰ ਭੇਜਿਆ ਅਤੇ ਫਾਰੂਕ ਅਬਦੁੱਲਾ ਨੂੰ ਹੁਕਮ ਦਿੱਤਾ ਗਿਆ ਕਿ ਉਹ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਅੱਤਵਾਦੀ ਨੂੰ ਰਿਹਾਅ ਕਰਨ। ਫਾਰੂਕ ਅਬਦੁੱਲਾ ਨੇ ਇਸ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਕਿਹਾ ਗਿਆ ਕਿ ਅਜਿਹਾ ਨਾ ਕਰਨ 'ਤੇ ਉਨ੍ਹਾਂ ਦੀ ਸਰਕਾਰ ਨੂੰ ਡਿਸਮਿਸ ਕੀਤਾ ਜਾ ਸਕਦਾ ਹੈ। ਇਸ ਤਰੀਕੇ ਨਾਲ ਸਾਬਕਾ ਗ੍ਰਹਿ ਮੰਤਰੀ ਦੀ ਬੇਟੀ ਨੂੰ ਅੱਤਵਾਦੀਆਂ ਦੀ ਰਿਹਾਈ ਬਦਲੇ ਛੁਡਾਇਆ ਗਿਆ।