ਵਿਧਾਨ ਸਭਾ ਚੋਣਾਂ ’ਤੇ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ, ਲਏ ਅਹਿਮ ਫ਼ੈਸਲੇ

Saturday, Jan 08, 2022 - 03:47 PM (IST)

ਵਿਧਾਨ ਸਭਾ ਚੋਣਾਂ ’ਤੇ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ, ਲਏ ਅਹਿਮ ਫ਼ੈਸਲੇ

ਨਵੀਂ ਦਿੱਲੀ (ਵਾਰਤਾ)- ਚੋਣ ਕਮਿਸ਼ਨ ਨੇ ਪੰਜਾਬ ਸਮੇਤ 5 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਸ ਵਾਰ 5 ਸੂਬਿਆਂ ਦੀਆਂ ਕੁੱਲ 690 ਹਲਕਿਆਂ ‘ਚ ਚੋਣਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਕੋਰੋਨਾ ਸੇਫ ਇਲੈਕਸ਼ਨ ਕਰਵਾਉਣਾ ਚੋਣ ਕਮਿਸ਼ਨ ਦਾ ਮਕਸਦ ਹੈ। ਸੁਸ਼ੀਲ ਚੰਦਰਾ ਨੇ ਕਿਹਾ ਕਿ ਕੋਰੋਨਾ ਕਾਲ ’ਚ ਚੋਣਾਂ ਕਰਵਾਉਣਾ ਚੁਣੌਤੀਪੂਰਨ ਹੈ। ਸੁਸ਼ੀਲ ਨੇ ਕਿਹਾ ਕਿ ਚੋਣ ਕਮਿਸ਼ਨ ਨੇ 3 ਟੀਚਿਆਂ ’ਤੇ ਕੰਮ ਕੀਤਾ ਹੈ। ਇਹ ਟੀਚਾ ਹੈ ਕੋਵਿੰਦ ਸੇਫ ਇਲੈਕਸ਼ਨ, ਆਸਾਨ ਇਲੈਕਸ਼ਨ ਅਤੇ ਵੋਟਰਾਂ ਦੀ ਵੱਧ ਤੋਂ ਵੱਧ ਹਿੱਸੇਦਾਰੀ। ਸੁਸ਼ੀਲ ਨੇ ਕਿਹਾ ਕਿ ਇਸ ਵਾਰ 5 ਸੂਬਿਆਂ ਦੀਆਂ ਚੋਣਾਂ ’ਚ ਕੁੱਲ 18.34 ਕਰੋੜ ਵੋਟਰ ਹਨ, ਇਨ੍ਹਾਂ ’ਚ ਸਰਵਿਸ ਵੋਟਰ ਵੀ ਸ਼ਾਮਲ ਹਨ। ਇਨ੍ਹਾਂ ’ਚੋਂ 8.55 ਕਰੋੜ ਮਹਿਲਾ ਵੋਟਰ ਹਨ। ਕੁੱਲ 24.9 ਲੱਖ ਵੋਟਰ ਪਹਿਲੀ ਵਾਰ ਵੋਟ ਪਾਉਣਗੇ। ਇਨ੍ਹਾਂ ’ਚੋਂ 11.4 ਲੱਖ ਕੁੜੀਆਂ ਪਹਿਲੀ ਵਾਰ ਵੋਟਰ ਬਣੀਆਂ ਹਨ। ਸਾਰੇ ਬੂਥ ਗਰਾਊਂਡ ਫਲੋਰ ’ਤੇ ਹੋਣਗੇ ਤਾਂ ਕਿ ਲੋਕਾਂ ਨੂੰ ਸਹੂਲਤ ਹੋਵੇ। ਬੂਥ ’ਤੇ ਸੈਨੀਟਾਈਜ਼ਰ, ਮਾਸਕ ਆਦਿ ਉਪਲੱਬਧ ਹੋਣਗੇ। 

ਚੋਣ ਪ੍ਰਚਾਰ ’ਤੇ 15 ਜਨਵਰੀ ਤੱਕ ਲੱਗੀ ਰੋਕ
ਇਕ ਅਹਿਮ ਐਲਾਨ ’ਚ ਚੋਣ ਕਮਿਸ਼ਨ ਨੇ ਕਿਹਾ ਕਿ ਵੋਟਿੰਗ ਲਈ ਸਮਾਂ ਇਕ ਘੰਟਾ ਵਧਾ ਦਿੱਤਾ ਹੈ। ਅਜਿਹਾ ਕੋਰੋਨਾ ਕਾਰਨ ਕੀਤਾ ਗਿਆ ਹੈ। ਚੋਣਾਂ ਦੇ ਸਮੇਂ ਐਲਾਨ ਨੋਟੀਫਿਕੇਸ਼ਨ ਜਾਰੀ ਕਰਨ ਦੇ ਸਮੇਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਅੱਜ ਤੋਂ 15 ਜਨਵਰੀ ਤੱਕ ਰੋਡ ਸ਼ੋਅ, ਰੈਲੀ, ਸਾਈਕਲ ਰੈਲੀ, ਪੈਦਲ ਯਾਤਰਾ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। 15 ਜਨਵਰੀ ਤੋਂ ਬਾਅਦ ਇਸ ’ਤੇ ਵਿਚਾਰ ਕੀਤਾ ਜਾਵੇਗਾ। ਇਸ ਵਾਰ 1250 ਵੋਟਰਾਂ ’ਤੇ ਇਕ ਬੂਥ ਬਣਾਇਆ ਗਿਆ। ਪਿਛਲੀਆਂ ਚੋਣਾਂ ਦੀ ਤੁਲਨਾ ’ਚ 16 ਫੀਸਦੀ ਬੂਥ ਵਧ ਗਏ ਹਨ। 1620 ਬੂਥ ਨੂੰ ਮਹਿਲਾ ਪੋਲਿੰਗ ਕਰਮੀ ਮੈਨੇਜ ਕਰਨਗੀਆਂ। 900 ਨਿਰੀਖਕ ਚੋਣਾਂ ’ਤੇ ਨਜ਼ਰ ਰੱਖਣਗੇ। ਚੋਣ ਕਮਿਸ਼ਨ ਨੇ ਸਰਕਾਰੀ ਕਰਮੀਆਂ ਤੋਂ ਇਲਾਵਾ 80 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ, ਦਿਵਯਾਂਗਾਂ ਅਤੇ ਕੋਰੋਨਾ ਪ੍ਰਭਾਵਿਤ ਲੋਕਾਂ ਲਈ ਪੋਸਟਲ ਬੈਲੇਟ ਦੀ ਵਿਵਸਥਾ ਕੀਤੀ ਹੈ। ਸਾਰੇ ਬੂਥ ’ਤੇ ਪੁਰਸ਼ ਅਤੇ ਮਹਿਲਾ ਸੁਰੱਖਿਆ ਕਰਮੀ ਤਾਇਨਾਤ ਹੋਣਗੇ। ਦਿਵਯਾਂਗਾਂ ਲਈ ਹਰ ਬੂਥ ’ਤੇ ਵਿਸ਼ੇਸ਼ ਇੰਤਜ਼ਾਮ ਹੋਣਗੇ। ਵਲੰਟੀਅਰ ਮਦਦ ਕਰਨਗੇ। ਵ੍ਹੀਲਚੇਅਰ ਵੀ ਹਰ ਬੂਥ ’ਤੇ ਹੋਵੇਗੀ। ਕੋਰੋਨਾ ਪ੍ਰਭਾਵਿਤ ਜਾਂ ਕੋਰੋਨਾ ਸ਼ੱਕੀ ਦੇ ਘਰ ਵੀਡੀਓ ਟੀਮ ਨਾਲ ਕਮਿਸ਼ਨ ਦੀ ਟੀਮ ਵਿਸ਼ੇਸ਼ ਵੈਨ ਨਾਲ ਜਾਵੇਗੀ ਅਤੇ ਵੋਟ ਪੁਆ ਕੇ ਆਏਗੀ। ਇਨ੍ਹਾਂ ਨੂੰ ਬੈਲੇਟ ਪੇਪਰ ਨਾਲ ਵੋਟ ਪਾਉਣ ਦਾ ਅਧਿਕਾਰ ਮਿਲੇਗਾ। 

ਸੰਵੇਦਨਸ਼ੀਲ ਬੂਥਾਂ ’ਤੇ ਪੂਰੇ ਦਿਨ ਵੀਡੀਓਗ੍ਰਾਫ਼ੀ ਹੋਵੇਗੀ
ਅਪਰਾਧਕ ਪਿੱਠਭੂਮੀ ਦੇ ਉਮੀਦਵਾਰਾਂ ਲਈ ਅਖ਼ਬਾਰ ਟੀਵੀ ਅਤੇ ਮੀਡੀਆ ਤੇ ਵੈੱਬਸਾਈਟ ਦੇ ਹੋਮ ਪੇਜ਼ ’ਤੇ ਤਿੰਨ ਵਾਰ ਵੱਖ-ਵੱਖ ਗੇੜਾਂ ’ਤੇ ਜਾਣਕਾਰੀ ਜਨਤਕ ਕਰਨੀ ਹੋਵੇਗੀ। ਜਨਤਾ ਨੂੰ ਪਤਾ ਲੱਗੇ ਕਿ ਉਨ੍ਹਾਂ ਦੇ ਉਮੀਦਵਾਰ ਕਿਸ ਤਰ੍ਹਾਂ ਦੇ ਹਨ? ਸੰਵੇਦਨਸ਼ੀਲ ਬੂਥਾਂ ’ਤੇ ਪੂਰੇ ਦਿਨ ਵੀਡੀਓਗ੍ਰਾਫ਼ੀ ਹੋਵੇਗੀ। 5 ਸੂਬਿਆਂ ’ਚ ਇਕ ਲੱਖ ਤੋਂ ਵੱਧ ਬੂਥਾਂ ’ਤੇ ਲਾਈਵ ਵੈੱਬਕਾਸਟ ਹੋਵੇਗਾ। ਨਿਰੀਖਕ ਵੀ ਜ਼ਿਆਦਾ ਗਿਣਤੀ ’ਚ ਤਾਇਨਾਤ ਹੋਣਗੇ। ਸੁਸ਼ੀਲ ਚੰਦਰਾ ਨੇ ਕਿਹਾ ਕਿ ਇਸ ਵਾਰ ਚੋਣ ਖ਼ਰਚ ਵਧਾਇਆ ਗਿਆ ਹੈ। ਸੂਬਿਆਂ ਦੇ ਦਰਜੇ ਅਨੁਸਾਰ ਵਿਧਾਇਕ ਉਮੀਦਵਾਰ 28 ਲੱਖ ਤੋਂ 40 ਲੱਖ ਰੁਪਏ ਚੋਣਾਂ ’ਚ ਖਰਚ ਕਰ ਸਕਦਾ ਹੈ। ਆਮਦਨ ਟੈਕਸ, ਡੀ.ਆਰ.ਆਈ., ਰੇਲਵੇ ਸਮੇਤ ਕਈ ਏਜੰਸੀਆਂ ਅਤੇ ਸੰਸਥਾਵਾਂ ਨੂੰ ਅਲਰਟ ਕੀਤਾ ਗਿਆ ਹੈ ਕਿ ਨਸ਼ੀਲੇ ਪਦਾਰਥ, ਸ਼ਰਾਬ, ਕਾਲਾ ਧਨ ਜਾਂ ਹੋਰ ਫੋਕਟ ’ਚ ਵੰਡਣ ਦੀਆਂ ਚੀਜ਼ਾਂ ਲਿਆਉਣ-ਲਿਜਾਉਣ ਵਾਲਿਆਂ ’ਤੇ ਸਖ਼ਤ ਨਜ਼ਰ ਰੱਖਣ। 

ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਨਿੱਜੀ ਤੌਰ ’ਤੇ ਚਿੱਠੀ ਵੀ ਦੇਵੇਗਾ ਕਮਿਸ਼ਨ 
ਚੋਣ ਕਮਿਸ਼ਨ ਨੇ ਸਹੂਲਤ ਐਪ ਬਣਾਇਆ ਹੈ, ਇਸ ਰਾਹੀਂ ਸਿਆਸੀ ਦਲ ਸਿੱਧੇ ਕਮਿਸ਼ਨ ਨੂੰ ਸੰਪਰਕ ਕਰ ਸਕਦੇ ਹਨ। C vigil ਐਪ ਜਨਹਿੱਸੇਦਾਰੀ ਲਈ ਬਣਾਇਆ ਗਿਆ ਹੈ। ਜਨਤਾ ਇਸ ਨੂੰ ਡਾਊਨਲੋਡ ਕਰ ਕੇ ਐੱਮ.ਸੀ.ਸੀ. ਦਾ ਕੋਈ ਵੀ ਉਲੰਘਣਾ ਦਾ ਵੀਡੀਓ, ਆਡੀਓ ਜਾਂ ਸਬੂਤ ਅਪਲੋਡ ਕਰ ਸਕਦੇ ਹਨ। ਸ਼ਿਕਾਇਤਕਰਤਾ ਦੇ ਨਾਮ ਪਤੇ ਦੀ ਪ੍ਰਾਇਵੇਸੀ ਨਾਲ ਕਾਰਵਾਈ ਹੋਵੇਗੀ। ਸੁਸ਼ੀਲ ਚੰਦਰ ਨੇ ਕਿਹਾ ਕਿ ਮਾਡਲ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਚੋਣ ਕਮਿਸ਼ਨ ਅਨੁਸਾਰ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਵੋਟਰ ਗਾਈਡ ਵੀ ਮਿਲੇਗੀ। ਕਮਿਸ਼ਨ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਚਿੱਠੀ ਵੀ ਦੇਵੇਗਾ। ਘੱਟ ਵੋਟਿੰਗ ਫੀਸਦੀ ਵਾਲੇ ਬੂਥਾਂ ’ਤੇ ਸਵੀਪ ਐਕਟੀਵਿਟੀਜ਼ ਨਾਲ ਇਸ ਨੂੰ ਵਧਾਇਆ ਜਾਵੇਗਾ। ਚੋਣ ਕਮਿਸ਼ਨ ਨੇ ਕਿਹਾ ਕਿ 60 ਤੋਂ 70 ਫੀਸਦੀ ਸੰਤੋਸ਼ਜਨਕ ਨਹੀਂ ਹੈ। 90 ਫੀਸਦੀ ਤੋਂ ਵੱਧ ਵੋਟਿੰਗ ਕਮਿਸ਼ਨ ਦਾ ਟੀਚਾ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਚੋਣ ਪ੍ਰਚਾਰ ਡਿਜੀਟਲ, ਵਰਚੁਅਲ, ਮੋਬਾਇਲ ਰਾਹੀਂ ਕਰੋ। ਫਿਜ਼ੀਕਲ ਪ੍ਰਚਾਰ ਦੇ ਸਾਧਨਾਂ ਦੀ ਵਰਤੋਂ ਘੱਟੋ-ਘੱਟ ਕਰੋ। ਇਸ ਤੋਂ ਇਲਾਵਾ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਕੋਈ ਪ੍ਰਚਾਰ, ਜਨ ਸੰਪਰਕ ਸਿਆਸੀ ਪਾਰਟੀਆਂ ਨਹੀਂ ਕਰ ਸਕਣਗੀਆਂ। ਜਿੱਤ ਦਾ ਜੁਲੂਸ ਨਹੀਂ ਕੱਢਿਆ ਜਾ ਸਕੇਗਾ। ਜੇਤੂ ਉਮੀਦਵਾਰ 2 ਲੋਕਾਂ ਨਾਲ ਪ੍ਰਮਾਣ ਪੱਤਰ ਲੈਣ ਜਾਣਗੇ। ਪਾਰਟੀਆਂ ਨੂੰ ਤੈਅ ਥਾਂਵਾਂ ’ਤੇ ਹੀ ਸਭਾ ਕਰਨ ਦੀ ਮਨਜ਼ੂਰੀ ਹੋਵੇਗੀ। ਸਾਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਅੰਡਰਟੇਕਿੰਗ ਦੇਣੀ ਹੋਵੇਗੀ ਕਿ ਉਹ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਸਖ਼ਤੀ ਨਾਲ ਕਰਨਗੇ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

DIsha

Content Editor

Related News