EC ਨੇ ਚੋਣ ਪ੍ਰਕਿਰਿਆ ਅਤੇ SIR ਸਬੰਧੀ ਫੈਲੀਆਂ ਅਫਵਾਹਾਂ ਦਾ ਕੀਤਾ ਖੰਡਨ, ''ਵੋਟ ਚੋਰੀ'' ਨੂੰ ਵੀ ਦੱਸਿਆ ''ਬੇਬੁਨਿਆਦ''

Saturday, Sep 26, 2026 - 02:42 PM (IST)

EC ਨੇ ਚੋਣ ਪ੍ਰਕਿਰਿਆ ਅਤੇ SIR ਸਬੰਧੀ ਫੈਲੀਆਂ ਅਫਵਾਹਾਂ ਦਾ ਕੀਤਾ ਖੰਡਨ, ''ਵੋਟ ਚੋਰੀ'' ਨੂੰ ਵੀ ਦੱਸਿਆ ''ਬੇਬੁਨਿਆਦ''

ਨਵੀਂ ਦਿੱਲੀ- ਭਾਰਤੀ ਚੋਣ ਕਮਿਸ਼ਨ ਨੇ ਚੋਣ ਪ੍ਰਕਿਰਿਆ, ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ (SIR) ਪ੍ਰਕਿਰਿਆ, Form 6, ECINET ਐਪ ਅਤੇ ਨਿਯੁਕਤੀਆਂ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ। ਕਮਿਸ਼ਨ ਨੇ ਵੱਖ-ਵੱਖ ਮੁੱਦਿਆਂ 'ਤੇ ਸਥਿਤੀ ਸਪੱਸ਼ਟ ਕਰਦੇ ਹੋਏ ਸਾਰੀਆਂ ਅਫਵਾਹਾਂ ਸਬੰਧੀ ਪੱਖ ਸਾਹਮਣੇ ਰੱਖੇ ਹਨ।   

13 ਕਰੋੜ ਵੋਟਾਂ ਕੱਟਣ ਦਾ ਦਾਅਵਾ ਪੂਰੀ ਤਰ੍ਹਾਂ ਗਲਤ
ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ SIR ਪ੍ਰਕਿਰਿਆ ਦੌਰਾਨ 13 ਕਰੋੜ ਲੋਕਾਂ ਦੀਆਂ ਵੋਟਾਂ ਕੱਟਣ ਦਾ ਦਾਅਵਾ ਬਿਲਕੁਲ ਗਲਤ ਹੈ। ਅਸਲ 'ਚ, ਡਰਾਫ਼ਟ ਵੋਟਰ ਸੂਚੀ 'ਚ ਲਗਭਗ 13 ਕਰੋੜ ਵੋਟਰਾਂ ਨੂੰ ਗ਼ੈਰ-ਹਾਜ਼ਰ, ਟਰਾਂਸਫਰ, ਮ੍ਰਿਤਕ ਜਾਂ ਡੁਪਲੀਕੇਟ ਵਜੋਂ ਮਾਰਕ ਕੀਤਾ ਗਿਆ ਹੈ। ਇਸ 'ਚ ਲਗਭਗ 2.8 ਕਰੋੜ ਮ੍ਰਿਤਕ, 3 ਕਰੋੜ ਗ਼ੈਰ-ਹਾਜ਼ਰ, 6.3 ਕਰੋੜ ਪੱਕੇ ਤੌਰ 'ਤੇ ਤਬਦੀਲ ਹੋਏ ਅਤੇ 1 ਕਰੋੜ ਦੇ ਲਗਭਗ ਡੁਪਲੀਕੇਟ ਵੋਟਰ ਸ਼ਾਮਲ ਹਨ।

ਇਹ ਡਰਾਫ਼ਟ ਸੂਚੀ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਉਨ੍ਹਾਂ ਦੇ 20 ਲੱਖ ਤੋਂ ਵੱਧ ਬੂਥ ਲੈਵਲ ਏਜੰਟਾਂ (BLAs) ਨਾਲ ਸਾਂਝੀ ਕੀਤੀ ਜਾਂਦੀ ਹੈ ਤਾਂ ਜੋ ਇਸ ਦੀ ਪੜਤਾਲ ਕੀਤੀ ਜਾ ਸਕੇ। ਇਸ ਸਮੇਂ ਦੌਰਾਨ ਹਰ ਯੋਗ ਵੋਟਰ ਨੂੰ ਦਾਅਵੇ ਅਤੇ ਇਤਰਾਜ਼ ਦਰਜ ਕਰਨ ਦਾ ਪੂਰਾ ਅਧਿਕਾਰ ਹੈ। ਡਰਾਫ਼ਟ 'ਚ ਨਾਂ ਹੋਣਾ ਅਤੇ ਫਾਈਨਲ ਸੂਚੀ 'ਚੋਂ ਹਟਣਾ ਦੋਵੇਂ ਵੱਖ-ਵੱਖ ਗੱਲਾਂ ਹਨ।   

ਵੋਟਰ ਸੂਚੀ ਡਾਟਾਬੇਸ ਪਹਿਲਾਂ ਵਾਂਗ ਹੀ ਵਿਕੇਂਦਰੀਕ੍ਰਿਤ ਕਮਿਸ਼ਨ ਅਨੁਸਾਰ ਵੋਟਰ ਸੂਚੀ ਡਾਟਾਬੇਸ ਨੂੰ ਕੇਂਦਰੀਕ੍ਰਿਤ ਨਹੀਂ ਕੀਤਾ ਗਿਆ ਹੈ। ਹਰੇਕ ਸੂਬੇ ਦੀ ਵੋਟਰ ਸੂਚੀ ਉੱਥੋਂ ਦੇ ERO ਦੁਆਰਾ CEO ਦੀ ਦੇਖਰੇਖ ਹੇਠ ਤਿਆਰ ਕੀਤੀ ਜਾਂਦੀ ਹੈ। ECINET ਦੇ ERONET ਮਾਡਿਊਲ ਅਧੀਨ ਵੀ ਇਹ ਸਿਸਟਮ ਪਹਿਲਾਂ ਵਾਂਗ ਹੀ ਵਿਕੇਂਦਰੀਕ੍ਰਿਤ ਹੈ ਅਤੇ EROs ਦੇ ਸਾਰੇ ਕਾਨੂੰਨੀ ਅਧਿਕਾਰ ਬਰਕਰਾਰ ਹਨ।   

Gen Z ਵੋਟਰਾਂ ਲਈ ਆਸਾਨ ਪ੍ਰਕਿਰਿਆ
ਨਵੇਂ ਅਤੇ Gen-Z ਵੋਟਰਾਂ ਲਈ ਨਾਂ ਰਜਿਸਟਰ ਕਰਵਾਉਣ ਦੀ ਪ੍ਰਕਿਰਿਆ ਪਹਿਲਾਂ ਨਾਲੋਂ ਵੀ ਆਸਾਨ ਬਣਾਈ ਗਈ ਹੈ। 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਦੇ ਆਧਾਰ 'ਤੇ ਕਿਸੇ ਵੀ ਸਮੇਂ Form 6 ਭਰ ਕੇ ਆਪਣਾ ਨਾਂ ਵੋਟਰ ਲਿਸਟ 'ਚ ਪਵਾ ਸਕਦੇ ਹਨ। 24 ਜੂਨ 2025 (SIR ਸ਼ੁਰੂ ਹੋਣ ਤੋਂ ਬਾਅਦ) ਤੋਂ ਹੁਣ ਤੱਕ ਲਗਭਗ 2.37 ਕਰੋੜ ਨਵੇਂ Gen Z ਵੋਟਰ ਵੋਟਰ ਸੂਚੀ 'ਚ ਸ਼ਾਮਲ ਕੀਤੇ ਜਾ ਚੁੱਕੇ ਹਨ। ਹਰ ਮਹੀਨੇ ਲਗਭਗ 16 ਲੱਖ ਨਵੇਂ ਨੌਜਵਾਨ ਵੋਟਰ ਜੁੜ ਰਹੇ ਹਨ। ਮੌਜੂਦਾ ਸਮੇਂ ਵੋਟਰ ਲਿਸਟ 'ਚ ਕੁੱਲ 17.38 ਕਰੋੜ Gen Z ਵੋਟਰ ਦਰਜ ਹਨ।

ਇਹ ਵੀ ਪੜ੍ਹੋ- ਸਚਿਨ ਦਾ ਸਾਥੀ ਕ੍ਰਿਕਟਰ ਬਿਰਧ ਆਸ਼ਰਮ 'ਚ ਰਹਿਣ ਲਈ ਹੋਇਆ ਮਜਬੂਰ ! ਸਾਹਮਣੇ ਆਈ ਵੀਡੀਓ

ਚੋਣ ਕਮਿਸ਼ਨ 'ਚ ਸਰਬਸੰਮਤੀ ਨਾਲ ਲਏ ਜਾਂਦੇ ਫ਼ੈਸਲੇ
ਕਮਿਸ਼ਨ 'ਚ ਘਪਲੇਬਾਜ਼ੀ ਜਾਂ CEC ਦੁਆਰਾ ਬਾਕੀ ਕਮਿਸ਼ਨਰਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਗੁੰਮਰਾਹਕੁੰਨ ਦੱਸਿਆ ਗਿਆ ਹੈ। 'Chief Election Commissioner and Other Election Commissioners Act, 2023' ਦੀ ਧਾਰਾ 18(1) ਤਹਿਤ ਸਾਰੇ ਫੈਸਲੇ ਤਿੰਨਾਂ ਕਮਿਸ਼ਨਰਾਂ ਦੀ ਸਰਬਸੰਮਤੀ ਨਾਲ ਲਏ ਜਾਂਦੇ ਹਨ। ਡਰਾਫ਼ਟ ਸਟੇਜ 'ਤੇ ਸਵਾਲ, ਸੁਝਾਅ ਜਾਂ ਵਿਚਾਰ-ਵਟਾਂਦਰਾ ਪ੍ਰਸ਼ਾਸਕੀ ਪ੍ਰਕਿਰਿਆ ਦਾ ਆਮ ਹਿੱਸਾ ਹੁੰਦੇ ਹਨ, ਜਿਨ੍ਹਾਂ ਨੂੰ ਅਸਹਿਮਤੀ ਜਾਂ ਧਾਂਦਲੀ ਨਹੀਂ ਕਿਹਾ ਜਾ ਸਕਦਾ।

ਬੇਬੁਨਿਆਦ ਹਨ ਵੋਟ ਚੋਰੀ ਦੇ ਦੋਸ਼
ਕਮਿਸ਼ਨ ਨੇ "Vote Chori" ਵਰਗੇ ਸ਼ਬਦਾਂ ਨੂੰ ਇੱਕ ਝੂਠਾ ਅਤੇ ਗੁੰਮਰਾਹ ਕਰਨ ਵਾਲਾ ਨਰੇਟਿਵ ਕਰਾਰ ਦਿੱਤਾ ਹੈ। ਵੋਟਰ ਲਿਸਟ ਤਿਆਰ ਕਰਨ ਤੋਂ ਲੈ ਕੇ ਵੋਟਾਂ ਦੀ ਗਿਣਤੀ ਤੱਕ ਹਰ ਪੜਾਅ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹੁੰਦੇ ਹਨ। BLOs ਵੱਲੋਂ ਘਰ-ਘਰ ਜਾ ਕੇ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਅਤੇ 20 ਲੱਖ ਤੋਂ ਵੱਧ BLA ਇਸ ਪ੍ਰਕਿਰਿਆ ਦੀ ਨਿਗਰਾਨੀ ਕਰਦੇ ਹਨ। ਇਸ ਪ੍ਰਕਿਰਿਆ ਦੌਰਾਨ ਕਲੇਮ, ਇਤਰਾਜ਼ ਅਤੇ ਅਪੀਲ ਕਰਨ ਦੀ ਵੀ ਕਾਨੂੰਨੀ ਵਿਵਸਥਾ ਹੈ। ਪੋਲਿੰਗ ਵਾਲੇ ਦਿਨ ਉਮੀਦਵਾਰਾਂ ਦੇ ਪੋਲਿੰਗ ਏਜੰਟ ਮੌਜੂਦ ਹੁੰਦੇ ਹਨ ਅਤੇ 100 ਫ਼ੀਸਦੀ ਪੋਲਿੰਗ ਸਟੇਸ਼ਨਾਂ ਦੀ ਵੈੱਬਕਾਸਟਿੰਗ ਹੁੰਦੀ ਹੈ। ਬਿਹਾਰ ਅਤੇ ਪੱਛਮੀ ਬੰਗਾਲ ਚੋਣਾਂ 'ਚ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਧ ਵੋਟਿੰਗ ਫ਼ੀਸਦੀ ਅਤੇ ਰਿਕਾਰਡ ਵੋਟਰਾਂ ਦੀ ਭਾਗੀਦਾਰੀ ਦਰਜ ਕੀਤੀ ਗਈ। ਗਿਣਤੀ ਵੇਲੇ ਵੀ ਉਮੀਦਵਾਰਾਂ ਦੇ ਕਾਊਂਟਿੰਗ ਏਜੰਟ ਹਾਜ਼ਰ ਰਹਿੰਦੇ ਹਨ। ਅਜਿਹੇ 'ਚ ਵੋਟ ਚੋਰੀ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।

ਚੋਣ ਕਮਿਸ਼ਨਰਾਂ ਦੀ ਚੋਣ ਕਮੇਟੀ
ਚੀਫ਼ ਜਸਟਿਸ ਨੂੰ ਚੋਣ ਕਮੇਟੀ 'ਚੋਂ ਹਟਾਉਣ ਦੇ ਦੋਸ਼ਾਂ 'ਤੇ ਸਪੱਸ਼ਟ ਕੀਤਾ ਗਿਆ ਕਿ 2023 ਦੇ ਕਾਨੂੰਨ ਤੋਂ ਪਹਿਲਾਂ ਨਿਯੁਕਤੀ ਸਿਰਫ਼ ਕੇਂਦਰ ਸਰਕਾਰ ਦੀ ਸਿਫ਼ਾਰਸ਼ 'ਤੇ ਰਾਸ਼ਟਰਪਤੀ ਦੁਆਰਾ ਹੁੰਦੀ ਸੀ। ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਸੰਸਦ 'ਚ ਨਵਾਂ ਕਾਨੂੰਨ ਲਿਆਂਦਾ ਗਿਆ, ਜਿਸ 'ਚ ਪ੍ਰਧਾਨ ਮੰਤਰੀ, ਪ੍ਰਧਾਨ ਮੰਤਰੀ ਦੁਆਰਾ ਨਾਮਜ਼ਦ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ (LoP) ਸ਼ਾਮਲ ਹਨ। ਇਹ ਪਹਿਲਾਂ ਨਾਲੋਂ ਇੱਕ ਬਿਹਤਰ ਅਤੇ ਕਮੇਟੀ-ਬੇਸਡ ਸਿਸਟਮ ਹੈ।

ECINET ਐਪ 'ਤੇ ਅਧਿਕਾਰੀਆਂ ਦੀ Access
ਫ਼ੀਲਡ ਅਧਿਕਾਰੀਆਂ ਦੀ ECINET ਐਪ 'ਤੇ Access ਰੋਕੇ ਜਾਣ ਦਾ ਦਾਅਵਾ ਵੀ ਗ਼ਲਤ ਹੈ। SIR ਦੇ ਐਲਾਨ ਤੋਂ ਬਾਅਦ ਅਧਿਕਾਰੀਆਂ ਲਈ 109 ਟ੍ਰੇਨਿੰਗ ਸੈਸ਼ਨ ਆਯੋਜਿਤ ਕੀਤੇ ਜਾ ਚੁੱਕੇ ਹਨ। ਅਧਿਕਾਰੀ ਆਪਣੀ ਯੂਨੀਕ ਆਈ.ਡੀ. ਅਤੇ ਪਾਸਵਰਡ ਰਾਹੀਂ ਆਪਣੇ ਕੰਮ ਕਰ ਰਹੇ ਹਨ। ਡਾਟਾ ਦੀ ਸੁਰੱਖਿਆ ਲਈ ਸਖ਼ਤ ਆਈ.ਟੀ. ਪ੍ਰੋਟੋਕੋਲ ਅਤੇ ਆਡਿਟ ਕੰਟਰੋਲ ਲਾਗੂ ਕੀਤੇ ਗਏ ਹਨ।

ਗੋਆ ਦੇ 97 ਮਾਮਲਿਆਂ ਦੀ ਅਸਲ ਸਥਿਤੀ
ECINET ਐਪ ਕਿਸੇ ਅਸਲ ਵੋਟਰ ਦਾ ਨਾਂ ਕੈਂਸਲ ਨਹੀਂ ਕਰਦੀ। ਗੋਆ ਦੇ 97 ਮਾਮਲਿਆਂ ਵਿੱਚ EROs ਕੋਲੋਂ ਅਣਜਾਣੇ 'ਚ ਕੁਝ ਗਲਤੀਆਂ ਹੋਈਆਂ ਸਨ। ਫਰਵਰੀ 2026 ਵਿੱਚ ਪ੍ਰਕਾਸ਼ਿਤ ਫਾਈਨਲ ਵੋਟਰ ਲਿਸਟ 'ਚੋਂ ਛੁੱਟ ਗਏ ਇਨ੍ਹਾਂ 97 ਮਾਮਲਿਆਂ 'ਚ BLOs ਨੇ ਘਰ-ਘਰ ਜਾ ਕੇ Form 6 ਭਰਵਾਇਆ। ਇਨ੍ਹਾਂ 'ਚੋਂ ਕਈ ਵੋਟਰਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਜਾ ਚੁੱਕਾ ਹੈ, ਜਦਕਿ ਬਾਕੀ ਮਾਮਲਿਆਂ ਦੀ ਪ੍ਰਕਿਰਿਆ ਜਾਰੀ ਹੈ।

ਇਹ ਵੀ ਪੜ੍ਹੋ- ਏਸ਼ੀਅਨ ਗੇਮਜ਼ 'ਚ ਭਾਰਤ ਦੀਆਂ ਧੀਆਂ ਨੇ ਪਾਈ ਧੱਕ ! ਕਬੱਡੀ 'ਚ ਜਿੱਤਿਆ Gold

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News