ਬਿਨਾਂ ਦੰਦਾਂ ਵਾਲਾ ਸ਼ੇਰ ਹੈ ਚੋਣ ਕਮਿਸ਼ਨ : ਵਰੁਣ

10/15/2017 2:21:43 PM

ਨਵੀਂ ਦਿੱਲੀ - ਗੁਜਰਾਤ ਵਿਧਾਨ ਸਭਾ ਲਈ ਚੋਣਾਂ ਦਾ ਐਲਾਨ ਨਾ ਕਰਨ ਨੂੰ ਲੈ ਕੇ ਡੂੰਘੇ ਹੋਏ ਵਿਵਾਦ ਦਰਮਿਆਨ ਭਾਜਪਾ ਦੇ ਨੌਜਵਾਨ ਐੱਮ. ਪੀ. ਵਰੁਣ ਗਾਂਧੀ ਨੇ ਚੋਣ ਕਮਿਸ਼ਨ ਨੂੰ ਬਿਨਾਂ ਦੰਦਾਂ ਵਾਲਾ ਸ਼ੇਰ ਦੱਸਿਆ ਹੈ। ਨਾਲਸਾਰ ਯੂਨੀਵਰਸਿਟੀ ਆਫ ਲਾਅ ਵਿਚ ਬੋਲਦਿਆਂ ਵਰੁਣ ਗਾਂਧੀ ਨੇ ਕਿਹਾ ਕਿ ਚੋਣ ਕਮਿਸ਼ਨ ਕੋਲ ਇੰਨੀ ਵੀ ਸ਼ਕਤੀ ਨਹੀਂ ਹੈ ਕਿ ਉਹ ਚੋਣਾਂ ਖਤਮ ਹੋਣ ਤੋਂ ਬਾਅਦ ਮਾਮਲਾ ਦਰਜ ਕਰਵਾ ਸਕੇ। ਉਸ ਨੂੰ ਇੰਝ ਕਰਨ ਲਈ ਸੁਪਰੀਮ ਕੋਰਟ ਜਾਣਾ ਪੈਂਦਾ ਹੈ।
ਵਰੁਣ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹਿਮਾਚਲ ਵਿਧਾਨ ਸਭਾ ਦੇ ਨਾਲ ਨਾ ਹੋਣ ਨੂੰ ਲੈ ਕੇ ਭਾਜਪਾ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹੈ। ਵਰੁਣ ਨੇ ਕਿਹਾ ਕਿ ਸਿਆਸੀ ਪਾਰਟੀਆਂ ਚੋਣ ਪ੍ਰਚਾਰ 'ਤੇ ਬਹੁਤ ਪੈਸੇ ਖਰਚ ਕਰਦੀਆਂ ਹਨ ਅਤੇ ਚੋਣਾਂ ਲੜਨ ਲਈ ਸਾਧਾਰਨ ਪਿਛੋਕੜ ਵਾਲੇ ਲੋਕਾਂ ਨੂੰ ਮੌਕਾ ਨਹੀਂ ਦਿੰਦੀਆਂ। ਉੱਤਰ ਪ੍ਰਦੇਸ਼ ਦੇ  ਸੁਲਤਾਨਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਐੱਮ. ਪੀ. ਨੇ ਇਹ ਵੀ ਕਿਹਾ ਕਿ ਸਮੇਂ 'ਤੇ ਚੋਣ ਖਰਚ ਦਾਖਲ ਨਾ ਕਰਨ ਨੂੰ ਲੈ ਕੇ ਕਮਿਸ਼ਨ ਨੇ ਕਦੇ ਵੀ ਸਿਆਸੀ ਪਾਰਟੀ ਦੀ ਮਾਨਤਾ ਰੱਦ ਨਹੀਂ ਕੀਤੀ। ਸਭ ਪਾਰਟੀਆਂ ਪੱਛੜ ਕੇ ਰਿਟਰਨਾਂ ਦਾਖਲ ਕਰਦੀਆਂ ਹਨ। ਸਮੇਂ 'ਤੇ ਰਿਟਰਨ ਦਾਖਲ ਨਾ ਕਰਨ ਨੂੰ ਲੈ ਕੇ ਸਿਰਫ ਇਕ ਸਿਆਸੀ ਪਾਰਟੀ ਐੱਨ. ਪੀ. ਏ. ਜੋ ਸਵਰਗੀ ਪੀ. ਏ. ਸੰਗਮਾ ਦੀ ਸੀ, ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। 2014 ਦੀਆਂ ਲੋਕ ਸਭਾ ਚੋਣਾਂ ਲਈ ਕਮਿਸ਼ਨ ਨੂੰ 594 ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਸੀ, ਜਦਕਿ ਦੇਸ਼ ਵਿਚ 81.4 ਕਰੋੜ ਵੋਟਰ ਹਨ। ਇਸ ਦੇ ਉਲਟ ਸਵੀਡਨ ਵਿਚ ਇਹ ਬਜਟ ਦੁੱਗਣਾ ਹੈ, ਜਿਥੇ ਵੋਟਰਾਂ ਦੀ ਗਿਣਤੀ ਸਿਰਫ 70 ਲੱਖ ਹੈ।
ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਭਾਜਪਾ-ਹਿਮਾਚਲ ਪ੍ਰਦੇਸ਼ ਦੇ ਨਾਲ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਮਿਤੀਆਂ ਦਾ ਐਲਾਨ ਨਾ ਹੋਣ ਉੱਤੇ ਵਿਰੋਧੀ ਧਿਰ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਦੇਖਦਿਆਂ ਭਾਜਪਾ ਨੇ ਇੰਝ ਕਰਨ ਲਈ ਚੋਣ ਕਮਿਸ਼ਨ 'ਤੇ ਦਬਾਅ ਪਾਇਆ ਹੈ। ਕਾਂਗਰਸ ਦਾ ਦੋਸ਼ ਹੈ ਕਿ ਇਹ ਭਾਜਪਾ ਦੀ ਸ਼ਰਮਨਾਕ ਹਰਕਤ ਹੈ । ਉਹ ਕਮਿਸ਼ਨ 'ਤੇ ਦਬਾਅ ਪਾ ਕੇ ਆਖਰੀ ਸਮੇਂ ਚੋਣ ਐਲਾਨ ਕਰਵਾ ਕੇ ਲੋਕਾਂ ਨੂੰ ਲਾਲਚ ਦੇਣਾ ਚਾਹੁੰਦੀ ਹੈ।
ਗਰੀਬਾਂ ਲਈ ਚੋਣ ਲੜਨੀ ਅਸੰਭਵ-ਵਰੁਣ ਨੇ ਚੋਣ ਪ੍ਰਬੰਧਾਂ ਵਿਚ ਪੈਸਿਆਂ ਦੀ ਵਧੇਰੇ ਵਰਤੋਂ ਨੂੰ ਮੰਨਦਿਆਂ ਕੁਝ ਉਦਾਹਰਣਾਂ ਦਿੱਤੀਆਂ ਅਤੇ ਕਿਹਾ ਕਿ ਗਰੀਬ ਅਤੇ ਦਰਮਿਆਨੇ ਵਰਗ ਦੇ ਲੋਕਾਂ ਲਈ ਸੰਸਦ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਲੜਨਾ ਲਗਭਗ ਅਸੰਭਵ ਹੋ ਗਿਆ ਹੈ। ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ 'ਤੇ ਵੱਡੀ ਰਕਮ ਖਰਚ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਭਾਜਪਾ ਨੇਤਾ ਨੇ ਕਿਹਾ ਕਿ ਤਕਨੀਕੀ ਤੌਰ 'ਤੇ ਕੋਈ ਵੀ ਵਿਅਕਤੀ ਜੋ ਵਿਧਾਇਕ ਦੀ ਚੋਣ ਲੜਨੀ ਚਾਹੁੰਦਾ ਹੈ, 20 ਤੋਂ 28 ਲੱਖ ਰੁਪਏ ਤਕ ਖਰਚ ਸਕਦਾ ਹੈ। ਲੋਕ ਸਭਾ ਦੀ ਚੋਣ ਲੜਨ ਵਾਲਾ ਉਮੀਦਵਾਰ 54 ਤੋਂ 70 ਲੱਖ ਰੁਪਏ ਖਰਚ ਕਰ ਸਕਦਾ ਹੈ ਪਰ ਕਿਸੇ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰ ਅਸਲ ਵਿਚ ਚੋਣਾਂ 'ਤੇ ਕਿੰਨਾ ਖਰਚ ਕਰਦੇ ਹਨ।
ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਹੋ ਰਹੀ ਹੈ ਪੈਸਿਆਂ ਦੀ ਵਰਤੋਂ : ਸ਼ਿਵ ਸੈਨਾ
ਭਾਂਡੁਪ ਨਗਰ ਪਾਲਿਕਾ ਉਪ ਚੋਣ ਜਿੱਤਣ ਪਿੱਛੋਂ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦਿਆਂ ਸ਼ਿਵ ਸੈਨਾ ਨੇ ਕਿਹਾ ਹੈ ਕਿ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਸੱਤਾ ਤੇ ਪੈਸਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸ਼ਿਵ ਸੈਨਾ ਦੇ ਮੁੱਖ ਰਸਾਲੇ 'ਸਾਮਨਾ'  ਵਿਚ ਪ੍ਰਕਾਸ਼ਤ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਭ੍ਰਿਸ਼ਟ ਢੰਗ ਵਰਤ ਕੇ ਚੋਣਾਂ ਜਿੱਤੀਆਂ ਜਾ ਰਹੀਆਂ ਹਨ। ਦੇਸ਼ ਵਿਚ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ ਜਿਥੇ ਸਿਆਸੀ ਵਿਰੋਧੀਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।  ਇਸ ਤਰ੍ਹਾਂ ਦਾ ਮਾਹੌਲ ਦੇਸ਼, ਲੋਕਰਾਜ ਅਤੇ ਆਜ਼ਾਦੀ ਲਈ ਖਤਰਨਾਕ ਹੈ।

 


Related News