ਇੰਦੌਰ ਹਵਾਈ ਅੱਡੇ ’ਤੇ ਜਾਂਚ ਦੌਰਾਨ ਕੋਰੋਨਾ ਪਾਜ਼ੇਟਿਵ ਮਿਲੀ ਬੀਬੀ, ਦੁਬਈ ਜਾਣ ਤੋਂ ਰੋਕਿਆ ਗਿਆ

Wednesday, Oct 13, 2021 - 01:36 PM (IST)

ਇੰਦੌਰ- ਮੱਧ ਪ੍ਰਦੇਸ਼ ’ਚ ਇੰਦੌਰ ਦੇ ਦੇਵੀ ਅਹਿਲਿਆਬਾਈ ਹੋਲਕਰ ਕੌਮਾਂਤਰੀ ਹਵਾਈ ਅੱਡੇ ’ਤੇ ਬੁੱਧਵਾਰ ਨੂੰ ਤੁਰੰਤ ਜਾਂਚ ’ਚ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ 68 ਸਾਲਾ ਬੀਬੀ ਨੂੰ ਏਅਰ ਇੰਡੀਆ ਦੀ ਇੰਦੌਰ-ਦੁਬਈ ਦੀ ਉਡਾਣ ’ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੂੰ ਕੋਰੋਨਾ ਮਰੀਜ਼ਾਂ ਲਈ ਬਣਾਏ ਗਏ ਦੇਖਭਾਲ ਕੇਂਦਰ ’ਚ ਦਾਖ਼ਲ ਕਰਵਾਇਆ ਗਿਆ। ਕੋਰੋਨਾ ਦੀ ਰੋਕਥਾਮ ਲਈ ਨੋਡਲ ਅਧਿਕਾਰੀ ਡਾ. ਅਮਿਤ ਮਾਲਾਕਾਰ ਨੇ ਦੱਸਿਆ,‘‘ਤੈਅ ਪ੍ਰਕਿਰਿਆ ਦੇ ਅਧੀਨ ਇੰਦੌਰ-ਦੁਬਈ ਉਡਾਣ ਦੇ ਹਰ ਯਾਤਰੀ ਦੀ ਸਥਾਈ ਹਵਾਈ ਅੱਡੇ ’ਤੇ ਰੈਪਿਡ ਪੀ.ਸੀ.ਆਰ. ਜਾਂਚ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਅਨੁਸਾਰ ਬੁੱਧਵਾਰ ਨੂੰ 108 ਯਾਤਰੀਆਂ ਦੀ ਜਾਂਚ ਕੀਤੀ ਗਈ ਅਤੇ ਇਨ੍ਹਾਂ ’ਚ ਸ਼ਾਮਲ 68 ਸਾਲਾ ਬੀਬੀ ਪਾਜ਼ੇਟਿਵ ਪਾਈ ਗਈ।’’

ਇਹ ਵੀ ਪੜ੍ਹੋ : ਲਖੀਮਪੁਰ ਖੀਰੀ : ਕਿਸਾਨ ਮੋਰਚਾ ਮ੍ਰਿਤਕ ਕਿਸਾਨਾਂ ਦੀਆਂ ਅਸਥੀਆਂ ਨਾਲ ਦੇਸ਼ ਭਰ ’ਚ ਕੱਢੇਗਾ ਕਲਸ਼ ਯਾਤਰਾ

ਉਨ੍ਹਾਂ ਦੱਸਿਆ ਕਿ ਪੀੜਤ ਬੀਬੀ ਭੋਪਾਲ ਦੀ ਰਹਿਣ ਵਾਲੀ ਹੈ ਅਤੇ ਕੌਮਾਂਤਰੀ ਉਡਾਣ ’ਚ ਸਵਾਰ ਹੋਣ ਇੰਦੌਰ ਆਈ ਸੀ। ਮਾਲਾਕਾਰ ਨੇ ਦੱਸਿਆ,‘‘ਅਸੀਂ ਸੰਕ੍ਰਮਿਤ ਬੀਬੀ ਨੂੰ ਇੰਦੌਰ ’ਚ ਕੋਰੋਨਾ ਮਰੀਜ਼ਾਂ ਲਈ ਬਣਾਏ ਗਏ ਦੇਖਭਾਲ ਕੇਂਦਰ ਭੇਜ ਦਿੱਤਾ ਹੈ। ਹਾਲਾਂਕਿ ਉਸ ’ਚ ਇਨਫੈਕਸ਼ਨ ਦੇ ਕੋਈ ਵੀ ਲੱਛਣ ਨਹੀਂ ਹਨ।’’ ਅਧਿਕਾਰੀਆਂ ਨੇ ਦੱਸਿਆ ਕਿ ਇਸੇ ਤਰ੍ਹਾਂ ਦੇ ਮਾਮਲੇ ’ਚ 26 ਸਾਲਾ ਯਾਤਰੀ 15 ਸਤੰਬਰ ਨੂੰ ਇੰਦੌਰ ਦੇ ਹਵਾਈਅੱਡੇ ’ਤੇ ਤੁਰੰਤ ਜਾਂਚ ’ਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ ਅਤੇ ਇਸ ਕਾਰਨ ਉਸ ਨੂੰ ਏਅਰ ਇੰਡੀਆ ਦੀ ਇੰਦੌਰ-ਦੁਬਈ ਦੀ ਉਡਾਣ ’ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਸੀ। ਇੰਦੌਰ, ਰਾਜ ’ਚ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਿਹਾ ਹੈ। ਹਾਲਾਂਕਿ, ਵਧਦੇ ਟੀਕਾਕਰਨ ਦਰਮਿਆਨ ਮਹਾਮਾਰੀ ਦੀ ਦੂਜੀ ਲਹਿਰ ਦੇ ਕਮਜ਼ੋਰ ਪੈਣ ਨਾਲ ਇੰਨੀਂ ਦਿਨੀਂ ਜ਼ਿਲ੍ਹੇ ’ਚ ਰੋਜ਼ਾਨਾ ਸਾਹਮਣੇ ਆਉਣ ਵਾਲੇ ਨਵੇਂ ਪੀੜਤਾਂ ਦੀ ਗਿਣਤੀ 10 ਤੋਂ ਹੇਠਾਂ ਰਹਿ ਰਹੀ ਹੈ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਨੇ ਲਖੀਮਪੁਰ ਹਿੰਸਾ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ’ਤੇ ਕੱਸਿਆ ਤੰਜ (ਵੀਡੀਓ)

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News