2 ਸਾਲਾ ਭਰਾ ਦੀ ਲਾਸ਼ ਗੋਦ ''ਚ ਲੈ ਕੇ ਸੜਕ ਕਿਨਾਰੇ ਬੈਠਾ ਰਿਹਾ ਮਾਸੂਮ, ਐਂਬੂਲੈਂਸ ਲਈ ਭਟਕਦਾ ਰਿਹਾ ਪਿਤਾ
Sunday, Jul 10, 2022 - 05:55 PM (IST)
ਮੁਰੈਨਾ (ਵਾਰਤਾ)- ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹਾ ਹਸਪਤਾਲ 'ਚ 2 ਸਾਲਾ ਬੱਚੇ ਦੀ ਬੀਮਾਰੀ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਐਂਬੂਲੈਂਸ ਦੇ ਇੰਤਜ਼ਾਰ 'ਚ ਮ੍ਰਿਤਕ ਦਾ 8 ਸਾਲਾ ਭਰਾ ਲਾਸ਼ ਆਪਣੀ ਗੋਦ 'ਚ ਰੱਖ ਕੇ ਸੜਕ ਕਿਨਾਰੇ ਬੈਠਾ ਰਿਹਾ। ਇਸ ਦ੍ਰਿਸ਼ ਨੂੰ ਜਿਸ ਨੇ ਵੀ ਦੇਖਿਆ, ਉਸ ਦੀਆਂ ਅੱਖਾਂ ਨਮ ਹੋ ਗਈਆਂ। ਪਿੰਡ ਬੜਫਰਾ ਵਾਸੀ ਪੂਜਰਾਮ ਜਾਟਵ ਦੇ 2 ਸਾਲਾ ਪੁੱਤਰ ਰਾਜਾ ਨੂੰ ਐਨੀਮੀਆ ਅਤੇ ਢਿੱਡ 'ਚ ਪਾਣੀ ਭਰ ਜਾਣ ਦੀ ਸ਼ਿਕਾਇਤ ਸੀ। ਸ਼ਨੀਵਾਰ ਨੂੰ ਪਰਿਵਾਰ ਵਾਲਿਆਂ ਨੇ ਰਾਜਾ ਨੂੰ ਅੰਬਾਹ ਦੇ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਪਰ ਡਾਕਟਰਾਂ ਨੇ ਉਸ ਨੂੰ ਉੱਚਿਤ ਇਲਾਜ ਲਈ ਮੁਰੈਨਾ ਦੇ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ। ਜਿੱਥੇ ਐਤਵਾਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਗਰੀਬ ਪਿਤਾ ਨੇ ਸਿਹਤ ਵਿਭਾਗ ਨੂੰ ਗੁਹਾਰ ਲਗਾਈ ਕਿ ਉਸ ਦੇ ਪੁੱਤਰ ਦੀ ਲਾਸ਼ ਨੂੰ ਪਿੰਡ ਤੱਕ ਲਿਜਾਉਣ ਦੀ ਵਿਵਸਥਾ ਕਰਵਾ ਦਿਓ ਪਰ ਉਸ ਨੂੰ ਉੱਥੋਂ ਕੋਈ ਮਦਦ ਨਹੀਂ ਮਿਲੀ। ਮ੍ਰਿਤਕ ਦਾ ਪਿਤਾ 2 ਸਾਲਾ ਪੁੱਤਰ ਦੀ ਲਾਸ਼ ਆਪਣੇ 8 ਸਾਲਾ ਪੁੱਤਰ ਗੁਲਸ਼ਨ ਦੀ ਗੋਦ 'ਚ ਰੱਖ ਕੇ ਸੜਕ ਕਿਨਾਰੇ ਬਿਠਾ ਕੇ ਸਸਤੇ ਸ਼ਵ ਵਾਹਨ ਦੀ ਤਲਾਸ਼ 'ਚ ਨਿਕਲ ਗਿਆ। ਸੜਕ ਕਿਨਾਰੇ ਗੋਦ 'ਚ ਰੱਖੀ ਛੋਟੇ ਭਰਾ ਦੀ ਲਾਸ਼ ਨੂੰ ਕਦੇ ਉਹ ਪਿਆਰ ਕਰਦਾ ਤਾਂ ਕਦੇ ਪਿਤਾ ਦੇ ਆਉਣ ਦੀ ਰਾਹ ਦੇਖਦਾ। ਇਸ ਦ੍ਰਿਸ਼ ਨੂੰ ਦੇਖ ਕੇ ਹਰ ਕਿਸੇ ਦੀ ਅੱਖ ਨਮ ਹੋ ਗਈ। ਕਰੀਬ 2 ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਮੀਡੀਆ ਜਦੋਂ ਮੌਕੇ 'ਤੇ ਪਹੁੰਚੀ, ਉਦੋਂ ਸਿਹਤ ਵਿਭਾਗ ਨੇ ਜਲਦੀ 'ਚ ਐਂਬੂਲੈਂਸ ਦੀ ਵਿਵਸਥਾ ਕਰ ਮਾਸੂਮ ਦੀ ਲਾਸ਼ ਨੂੰ ਪਿੰਡ ਤੱਕ ਭਿਜਵਾਇਆ।