ਅੱਠ ਬਾਰੂਦੀ ਸੁਰੰਗਾਂ ਬਰਾਮਦ, ਸੁਰੱਖਿਆ ਬਲਾਂ ਨੇ ਨਸ਼ਟ ਕੀਤੀਆਂ

Wednesday, Jan 22, 2025 - 03:22 PM (IST)

ਅੱਠ ਬਾਰੂਦੀ ਸੁਰੰਗਾਂ ਬਰਾਮਦ, ਸੁਰੱਖਿਆ ਬਲਾਂ ਨੇ ਨਸ਼ਟ ਕੀਤੀਆਂ

ਬੀਜਾਪੁਰ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ 8 ਬਾਰੂਦੀ ਸੁਰੰਗਾਂ ਬਰਾਮਦ ਕੀਤੀਆਂ ਹਨ। ਪੁਲਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਜ਼ਿਲ੍ਹੇ ਦੇ ਗੰਗਾਲੂਰ ਥਾਣਾ ਖੇਤਰ ਦੇ ਅਧੀਨ ਮੁਤਵੇਂਡੀ ਤੋਂ ਪੀੜੀਆ ਪਿੰਡ ਜਾਣ ਵਾਲੀ ਸੜਕ 'ਤੇ ਸੁਰੱਖਿਆ ਬਲਾਂ ਨੇ 8 ਬਾਰੂਦੀ ਸੁਰੰਗਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰਿਜ਼ਰਵ ਗਾਰਡ, ਬੰਬ ਨਿਰੋਧਕ ਦਸਤੇ ਅਤੇ ਕੇਂਦਰੀ ਰਿਜ਼ਰਵ ਪੁਲਸ ਬਲ ਦੀ ਸਾਂਝੀ ਟੀਮ ਗੰਗਾਲੂਰ ਥਾਣਾ ਖੇਤਰ 'ਚ ਗਸ਼ਤ ਲਈ ਭੇਜੀ ਗਈ ਹੈ।

ਗਸ਼ਤ ਦੌਰਾਨ ਸੁਰੱਖਿਆ ਬਲਾਂ ਨੇ ਮੁਤਵੇਂਡੀ ਤੋਂ ਪੀੜੀਆ ਪਿੰਡ ਨੂੰ ਜਾਂਦੀ ਸੜਕ 'ਤੇ ਵੱਖ-ਵੱਖ ਥਾਵਾਂ ਤੋਂ 5-5 ਕਿਲੋਗ੍ਰਾਮ ਦੀਆਂ 8 ਬਾਰੂਦੀ ਸੁਰੰਗਾਂ ਬਰਾਮਦ ਕੀਤੀਆਂ। ਅਧਿਕਾਰੀਆਂ ਨੇ ਦੱਸਿਆ ਕਿ ਮਾਓਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਨੁਕਸਾਨ ਪਹੁੰਚਾਉਣ ਲਈ ਬਾਰੂਦੀ ਸੁਰੰਗ ਵਿਚ ਪ੍ਰੈਸ਼ਰ ਸਵਿੱਚ ਸਿਸਟਮ ਲਗਾਇਆ ਸੀ। ਸੁਰੱਖਿਆ ਬਲਾਂ ਨੇ ਬੰਬਾਂ ਨੂੰ ਨਸ਼ਟ ਕਰ ਦਿੱਤਾ ਹੈ। ਜ਼ਿਲ੍ਹੇ ਦੇ ਸੀਨੀਅਰ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੇ ਹੱਥੋਂ ਮਾਓਵਾਦੀ ਸੰਗਠਨ ਦਾ ਭਾਰੀ ਨੁਕਸਾਨ ਹੋ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਨੁਕਸਾਨ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ ਮਾਓਵਾਦੀ ਨਿਰਾਸ਼ ਹੋ ਕੇ ਅੰਦਰੂਨੀ ਪਹੁੰਚ ਵਾਲੀਆਂ ਸੜਕਾਂ ਅਤੇ ਫੁੱਟਪਾਥਾਂ 'ਤੇ ਬਾਰੂਦੀ ਸੁਰੰਗਾਂ ਵਿਛਾ ਕੇ ਸੁਰੱਖਿਆ ਬਲਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਵਾਰ ਆਮ ਲੋਕ ਅਤੇ ਕਈ ਵਾਰ ਪਸ਼ੂ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ 'ਚ ਤਾਇਨਾਤ ਸੁਰੱਖਿਆ ਬਲਾਂ ਦੀ ਚੌਕਸੀ ਅਤੇ ਖੁਫੀਆ ਜਾਣਕਾਰੀ ਕਾਰਨ ਮਾਓਵਾਦੀਆਂ ਦੇ ਮਨਸੂਬਿਆਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ। ਇਸ ਮਹੀਨੇ ਦੀ 6 ਤਾਰੀਖ਼ ਨੂੰ ਨਕਸਲੀਆਂ ਨੇ ਸੂਬੇ ਦੇ ਬੀਜਾਪੁਰ ਜ਼ਿਲ੍ਹੇ 'ਚ ਬਾਰੂਦੀ ਸੁਰੰਗ ਨਾਲ ਧਮਾਕਾ ਕਰਕੇ ਸੁਰੱਖਿਆ ਬਲਾਂ ਦੇ ਵਾਹਨ ਨੂੰ ਉਡਾ ਦਿੱਤਾ ਸੀ। ਇਸ ਘਟਨਾ ਵਿਚ 8 ਸੁਰੱਖਿਆ ਕਰਮੀਆਂ ਅਤੇ ਵਾਹਨ ਦੇ ਡਰਾਈਵਰ ਦੀ ਮੌਤ ਹੋ ਗਈ ਸੀ।


author

Tanu

Content Editor

Related News