ਸੂਬਿਆਂ ਨਾਲ ਮਿਲ ਕੇ ਪਸ਼ੂਆਂ ''ਚ ਲੰਪੀ ਰੋਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜਾਰੀ : PM ਮੋਦੀ

Monday, Sep 12, 2022 - 03:58 PM (IST)

ਸੂਬਿਆਂ ਨਾਲ ਮਿਲ ਕੇ ਪਸ਼ੂਆਂ ''ਚ ਲੰਪੀ ਰੋਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜਾਰੀ : PM ਮੋਦੀ

ਗ੍ਰੇਟਰ ਨੋਇਡਾ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਨਾਲ ਮਿਲ ਕੇ ਪਸ਼ੂਆਂ 'ਚ ਲੰਪੀ ਚਮੜੀ ਰੋਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਈ ਰਾਜ ਪਸ਼ੂਆਂ ਵਿਚ ਲਪੀ ਸਕਿਨ ਡਿਜ਼ੀਜ਼ (ਐੱਲਐੱਸਡੀ) ਨਾਲ ਜੂਝ ਰਹੇ ਹਨ ਅਤੇ ਇਹ ਬਿਮਾਰੀ ਡੇਅਰੀ ਖੇਤਰ ਲਈ ਚਿੰਤਾ ਦਾ ਵਿਸ਼ਾ ਬਣ ਕੇ ਸਾਹਮਣੇ ਆਈ ਹੈ। ਗੁਜਰਾਤ, ਰਾਜਸਥਾਨ, ਪੰਜਾਬ ਅਤੇ ਹਰਿਆਣਾ ਸਮੇਤ 8 ਤੋਂ ਵੱਧ ਰਾਜਾਂ ਵਿਚ ਐੱਲਐੱਸਡੀ ਕਾਰਨ ਹਜ਼ਾਰਾਂ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਪੀ.ਐੱਮ. ਮੋਦੀ ਨੇ ਇੱਥੇ ਇੰਡੀਆ ਐਕਸਪੋ ਸੈਂਟਰ ਐਂਡ ਮਾਰਟ ਵਿਖੇ ਆਯੋਜਿਤ ਅੰਤਰਰਾਸ਼ਟਰੀ ਡੇਅਰੀ ਸੰਘ ਵਿਸ਼ਵ ਡੇਅਰੀ ਕਾਨਫਰੰਸ 2022 ਨੂੰ ਸੰਬੋਧਨ ਕਰਦੇ ਹੋਏ ਕਿਹਾ,''ਸਾਡੇ ਵਿਗਿਆਨੀਆਂ ਨੇ ਚਮੜੀ ਰੋਗ ਲਈ ਸਵਦੇਸ਼ੀ ਟੀਕਾ ਵੀ ਤਿਆਰ ਕੀਤਾ ਹੈ।'' ਉਨ੍ਹਾਂ ਕਿਹਾ ਕਿ ਹਾਲ ਦੇ ਦਿਨਾਂ 'ਚ ਭਾਰਤ ਦੇ ਕਈ ਸੂਬਿਆਂ 'ਚ ਇਸ ਕਾਰਨ ਪਸ਼ੂਆਂ ਦੀ ਹਾਨੀ ਹੋਈ ਹੈ। ਇਸ ਤੋਂ ਇਲਾਵਾ ਇਸ ਬੀਮਾਰੀ ਦੇ ਪ੍ਰਕੋਪ ਨੂੰ ਕਾਬੂ ਵਿਚ ਰੱਖਣ ਲਈ ਜਾਨਵਰਾਂ ਦੀ ਗਤੀਵਿਧੀ 'ਤੇ ਨਜ਼ਰ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ। ਐੱਲਐੱਸਡੀ ਇਕ ਛੂਤ ਵਾਲੀ ਵਾਇਰਲ ਬਿਮਾਰੀ ਹੈ ਜੋ ਪਸ਼ੂਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਚਮੜੀ 'ਤੇ ਗੰਢਾਂ, ਬੁਖ਼ਾਰ ਦਾ ਕਾਰਨ ਬਣਦੀ ਹੈ। ਇਹ ਬਿਮਾਰੀ ਮੱਛਰਾਂ, ਮੱਖੀਆਂ, ਜੂੰਆਂ ਫੈਲਦੀ ਹੈ। ਇਸ ਤੋਂ ਇਲਾਵਾ ਇਹ ਬਿਮਾਰੀ ਦੂਸ਼ਿਤ ਭੋਜਨ ਅਤੇ ਪਾਣੀ ਨਾਲ ਵੀ ਫੈਲਦੀ ਹੈ।

ਉਨ੍ਹਾਂ ਕਿਹਾ,“ਅਸੀਂ ਪਸ਼ੂਆਂ ਵਿਚ ਪੈਰ ਅਤੇ ਮੂੰਹ ਦੀ ਬਿਮਾਰੀ ਲਈ 100 ਫੀਸਦੀ ਟੀਕਾਕਰਨ ਲਈ ਵਚਨਬੱਧ ਹਾਂ।” ਕਿਉਂਕਿ ਪਸ਼ੂਆਂ ਵਿਚ ਹੋਣ ਵਾਲੀ ਬਿਮਾਰੀ ਦੁੱਧ ਦੇ ਉਤਪਾਦਨ ਅਤੇ ਇਸ ਦੀ ਗੁਣਵੱਤਾ ਨੂੰ ਵੀ ਪ੍ਰਭਾਵਿਤ ਕਰਦੀ ਹੈ, ਇਸ ਲਈ ਸਰਕਾਰ ਪਸ਼ੂਆਂ ਦੇ ਵਿਆਪਕ ਟੀਕਾਕਰਨ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਦੇ ਡੇਅਰੀ ਸੈਕਟਰ ਵਿਚ ਔਰਤਾਂ 70 ਫੀਸਦੀ ਕਰਮਚਾਰੀਆਂ ਦੀ ਨੁਮਾਇੰਦਗੀ ਕਰਦੀਆਂ ਹਨ ਅਤੇ ਡੇਅਰੀ ਸਹਿਕਾਰੀ ਸਭਾਵਾਂ ਦੇ ਇਕ ਤਿਹਾਈ ਤੋਂ ਵੱਧ ਮੈਂਬਰ ਔਰਤਾਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 5-6 ਸਾਲਾਂ ਵਿਚ ਖੇਤੀਬਾੜੀ ਅਤੇ ਡੇਅਰੀ ਖੇਤਰ ਵਿੱਚ 1,000 ਤੋਂ ਵੱਧ ਸਟਾਰਟਅੱਪ ਬਣਾਏ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਡੇਅਰੀ ਪਸ਼ੂਆਂ ਦਾ ਸਭ ਤੋਂ ਵੱਡਾ ਡਾਟਾਬੇਸ ਬਣਾ ਰਿਹਾ ਹੈ ਅਤੇ ਡੇਅਰੀ ਸੈਕਟਰ ਨਾਲ ਜੁੜੇ ਹਰ ਜਾਨਵਰ ਨੂੰ ਟੈਗ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 'ਪਸ਼ੂ ਆਧਾਰ' ਸਕੀਮ ਤਹਿਤ ਆਧੁਨਿਕ ਤਕਨੀਕ ਦੀ ਮਦਦ ਨਾਲ ਪਸ਼ੂਆਂ ਦੀ ਬਾਇਓਮੀਟ੍ਰਿਕ ਪਛਾਣ ਕੀਤੀ ਜਾ ਰਹੀ ਹੈ। ਭਾਰਤ ਲਗਭਗ 210 ਮਿਲੀਅਨ ਟਨ ਪ੍ਰਤੀ ਸਾਲ ਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ। ਇਸ ਮੌਕੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪੁਰਸ਼ੋਤਮ ਰੁਪਾਲਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ। ਇਸ ਪ੍ਰੋਗਰਾਮ ਵਿਚ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸੰਜੀਵ ਬਾਲਿਆਨ ਵੀ ਮੌਜੂਦ ਸਨ।


author

DIsha

Content Editor

Related News