‘ਨੰਬਰਾਂ ਦੀ ਖੇਡ’ ਬਣੀ ਸਿੱਖਿਆ : ਪ੍ਰਹਿਲਾਦ ਜੋਸ਼ੀ
Wednesday, Oct 28, 2026 - 01:11 PM (IST)
ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਮੰਗਲਵਾਰ ਨੂੰ ਦੁਆਰਕਾ ਸਥਿਤ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਦੇ ਏਕੀਕ੍ਰਿਤ ਦਫ਼ਤਰ ਕੰਪਲੈਕਸ ਵਿਚ ‘ਐਕਸਪੀਰੀਅੰਸ ਸੈਂਟਰ’ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿੱਖਿਆ ਵਿਵਸਥਾ ਅਤੇ ਚਿੰਤਤ ਮਾਪੇ ‘ਅੰਕਵਾਦੀ’ ਹੋ ਗਏ ਹਨ ਅਤੇ ਬੱਚਿਆਂ ਦੇ ਨੰਬਰਾਂ ’ਤੇ ਲੋੜ ਤੋਂ ਵੱਧ ਧਿਆਨ ਦੇ ਰਹੇ ਹਨ। ਰੱਟਾ ਲਗਾ ਕੇ ਸਿੱਖਣ ਦੀ ਜਗ੍ਹਾ ਤਜ਼ਰਬੇ ਦੇ ਮਾਧਿਅਮ ਨਾਲ ਸਿੱਖਣ ’ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਵਿਦਿਆਰਥੀਆਂ ਦਾ ਕਾਫ਼ੀ ਸਮਾਂ ਯਾਦ ਕਰਨ ਅਤੇ ਚੰਗੇ ਨੰਬਰ ਲਿਆਉਣ ਦੀ ਯੋਜਨਾ ਬਣਾਉਣ ਵਿਚ ਬੀਤ ਜਾਂਦਾ ਹੈ। ਮਾਪੇ ਵੀ ਅਕਸਰ ਸੋਚਦੇ ਹਨ ਕਿ ਕਿਸੇ ਤਰ੍ਹਾਂ ਨੰਬਰ ਹਾਸਲ ਕਰਨੇ ਹੀ ਹਨ। ਸਿੱਖਿਆ ਨੰਬਰਾਂ ਦੀ ਖੇਡ ਬਣ ਕੇ ਰਹਿ ਗਈ ਹੈ। ਵਿਚਾਰਧਾਰਾ ਦੀ ਗੱਲ ਵੱਖਰੀ ਹੈ ਪਰ ਇਹ ਮਾਨਸਿਕਤਾ ਲੱਗਭਗ ਹਰ ਮਾਪੇ ਵਿਚ ਘਰ ਕਰ ਗਈ ਹੈ। ਇਸ ਦਾ ਨੁਕਸਾਨ ਇਹ ਹੈ ਕਿ ਬੱਚੇ ਦੀ ਸਮਝ, ਸਿੱਖਣ ਦੀ ਸਮਰੱਥਾ ਅਤੇ ਰੁਚੀ ’ਤੇ ਧਿਆਨ ਨਹੀਂ ਦਿੱਤਾ ਜਾਂਦਾ। ਚੰਗੇ ਨੰਬਰ ਲਿਆਉਣ ਦੇ ਦਬਾਅ ਕਾਰਨ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ ਦੀ ਵੀ ਕਮੀ ਰਹਿ ਜਾਂਦੀ ਹੈ। ਕਿਤਾਬਾਂ ਤੱਕ ਸੀਮਤ ਰਹਿਣ ਵਾਲਾ ਅਤੇ ਲੋੜ ਪੈਣ ’ਤੇ ਵਰਤੋਂ ਵਿਚ ਨਾ ਲਿਆਂਦਾ ਜਾ ਸਕਣ ਵਾਲਾ ਗਿਆਨ ਬਹੁਤ ਘੱਟ ਕੰਮ ਆਉਂਦਾ ਹੈ। ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.) 2020 ਦੇ ਪਿੱਛੇ ਇਹੋ ਸੋਚ ਹੈ।
