ED ਨੇ ਤ੍ਰਿਣਮੂਲ ਸੰਸਦ ਮੈਂਬਰ ਦੇ ਘਰੋਂ 32 ਲੱਖ ਨਕਦ ਤੇ 10 ਹਜ਼ਾਰ ਅਮਰੀਕੀ ਡਾਲਰ ਜ਼ਬਤ ਕੀਤੇ

09/20/2019 5:20:28 PM

ਨਵੀਂ ਦਿੱਲੀ— ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰ ਕੇ.ਡੀ. ਸਿੰਘ ਦੇ ਇੱਥੇ ਸਥਿਤ ਘਰ ਅਤੇ ਕੁਝ ਹੋਰ ਥਾਂਵਾਂ 'ਤੇ ਛਾਪੇਮਾਰੀ ਕਰ ਕੇ 32 ਲੱਖ ਰੁਪਏ ਨਕਦ ਅਤੇ 10 ਹਜ਼ਾਰ ਅਮਰੀਕੀ ਡਾਲਰ ਜ਼ਬਤ ਕੀਤੇ। ਈ.ਡੀ. ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਈ.ਡੀ. ਨੇ ਕਿਹਾ ਕਿ ਸੰਸਦ ਮੈਂਬਰ ਅਤੇ ਕੁਝ ਹੋਰ ਲੋਕਾਂ ਵਿਰੁੱਧ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਇਹ ਕਾਰਵਾਈ ਕੀਤੀ ਗਈ। ਈ.ਡੀ. ਨੇ ਕਿਹਾ ਕਿ ਅਲਕੈਮਿਸਟ ਸਮੂਹ ਦੀਆਂ 14 ਕੰਪਨੀਆਂ ਦੇ ਰਜਿਸਟਰਡ ਦਫ਼ਤਰਾਂ ਸਮੇਤ ਦਿੱਲੀ ਅਤੇ ਚੰਡੀਗੜ੍ਹ 'ਚ 7 ਥਾਂਵਾਂ 'ਤੇ ਵੀਰਵਾਰ ਨੂੰ ਛਾਪੇਮਾਰੀ ਕੀਤੀ ਗਈ। 

ਈ.ਡੀ. ਨੇ ਇਕ ਬਿਆਨ 'ਚ ਕਿਹਾ,''ਇਨ੍ਹਾਂ ਛਾਪੇਮਾਰੀ 'ਚ ਕੇ.ਡੀ. ਸਿੰਘ ਦੇ ਦਿੱਲੀ ਸਥਿਤ ਘਰ 'ਚ ਘੁੰਮਾ-ਫਿਰਾ ਕੇ ਕੀਤੇ ਗਏ ਲੈਣ-ਦੇਣ ਨਾਲ ਸੰਬੰਧਤ ਕਈ ਦਸਤਾਵੇਜ਼, ਡਿਜੀਟਲ ਸਬੂਤ ਅਤੇ ਜਾਇਦਾਦਾਂ ਦੇ ਦਸਤਾਵੇਜ਼ ਜ਼ਬਤ ਕੀਤੇ ਗਏ। ਇਨ੍ਹਾਂ ਦੇ ਨਾਲ ਹੀ 32 ਲੱਖ ਰੁਪਏ ਨਕਦ ਅਤੇ 10 ਹਜ਼ਾਰ ਅਮਰੀਕੀ ਡਾਲਰ ਵੀ ਜ਼ਬਤ ਕੀਤੇ ਗਏ।'' ਬਿਆਨ 'ਚ ਕਿਹਾ ਗਿਆ ਕਿ ਸੰਸਦ ਮੈਂਬਰ ਸਿੰਘ ਦਾ ਅਧਿਕਾਰਤ ਘਰ ਇੱਥੇ ਲੁਟੀਅੰਸ ਖੇਤਰ 'ਚ ਤੁਗਲਕ ਲੇਨ 'ਚ ਸਥਿਤ ਹੈ। ਈ.ਡੀ. ਨੇ ਜਾਂਚ ਦੇ ਸਿਲਸਿਲੇ 'ਚ ਸੰਸਦ ਮੈਂਬਰ ਨੂੰ ਪਿਛਲੇ ਸਾਲ ਸੰਮਨ ਜਾਰੀ ਕੀਤਾ ਸੀ।

ਈ.ਡੀ. ਨੇ ਇਹ ਕਾਰਵਾਈ ਅਜਿਹੇ ਸਮੇਂ ਕੀਤੀ ਹੈ, ਜਦੋਂ ਤ੍ਰਿਣਮੂਲ ਕੰਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਿੱਲੀ 'ਚ ਹੀ ਹੈ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਵੀ ਕਰ ਚੁਕੀ ਹੈ। ਈ.ਡੀ. ਨੇ ਕਿਹਾ ਕਿ ਉਸ ਨੇ ਸੰਸਦ ਮੈਂਬਰ ਦੇ ਚੰਡੀਗੜ੍ਹ ਸਥਿਤ ਘਰ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨਾਲ ਜੁੜੇ 2 ਡਾਇਰੈਕਟਰਾਂ ਦੇ ਘਰ ਦੀ ਵੀ ਤਲਾਸ਼ੀ ਲਈ। ਈ.ਡੀ. ਮਨੀ ਲਾਂਡਰਿੰਗ ਦੇ 2 ਮਾਮਲਿਆਂ 'ਚ ਸਿੰਘ, ਉਨ੍ਹਾਂ ਨਾਲ ਜੁੜੀਆਂ ਕੰਪਨੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਿਰੁੱਧ ਜਾਂਚ ਕਰ ਰਹੀ ਹੈ। ਇਹ ਮਾਮਲਾ ਕੋਲਕਾਤਾ ਪੁਲਸ ਦੀ ਸ਼ਿਕਾਇਤ 'ਤੇ ਅਤੇ ਦੂਜਾ ਮਾਮਲਾ ਬਾਜ਼ਾਰ ਨਿਯਾਮਕ ਸੇਬੀ ਦੇ ਦੋਸ਼ ਪੱਤਰ 'ਤੇ ਆਧਾਰਤ ਹੈ।


DIsha

Content Editor

Related News