ਕ੍ਰਿਪਟੋ ਕਰੰਸੀ ਦੇ ਨਾਂ ’ਤੇ ਨਿਵੇਸ਼ਕਾਂ ਨਾਲ ਠੱਗੀ, ਚੀਨੀ ਮੂਲ ਦੇ ਨਿਰਦੇਸ਼ਕਾਂ ਖਿਲਾਫ ਦੋਸ਼-ਪੱਤਰ ਦਾਇਰ
Thursday, Mar 07, 2024 - 01:58 PM (IST)

ਨਵੀਂ ਦਿੱਲੀ, (ਭਾਸ਼ਾ)- ਬਿਟਕੋਇਨ ਵਰਗੀ ਕ੍ਰਿਪਟੋ ਕਰੰਸੀ ਦੇ ਨਾਂ ’ਤੇ ਨਿਵੇਸ਼ਕਾਂ ਨੂੰ ਕਥਿਤ ਤੌਰ ’ਤੇ ਧੋਖਾ ਦੇਣ ਦੀ ਜਾਂਚ ’ਚ ਚੀਨੀ ਮੂਲ ਦੇ 10 ਨਿਰਦੇਸ਼ਕਾਂ ਸਮੇਤ 299 ਇਕਾਈਆਂ ਖਿਲਾਫ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਜਿਸ ਵਿਚ ਚੀਨੀ ਮੂਲ ਦੇ 10 ਨਿਰਦੇਸ਼ਕ ਵੀ ਸ਼ਾਮਲ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰੀ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਨਾਗਾਲੈਂਡ ਦੇ ਦੀਮਾਪੁਰ ਵਿਚ ਇਕ ਵਿਸ਼ੇਸ਼ ਅਦਾਲਤ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ ਦਾਇਰ ਮੁਕੱਦਮੇ ਦੀ ਸ਼ਿਕਾਇਤ ਦਾ ਨੋਟਿਸ ਲਿਆ।
ਇਸ ਵਿਚ ਕਿਹਾ ਗਿਆ ਹੈ ਕਿ ਚੀਨ ਵੱਲੋਂ ਕੰਟਰੋਲ ਕੀਤੀਆਂ 76 ਸੰਸਥਾਵਾਂ ਸਮੇਤ ਕੁੱਲ 299 ਇਕਾਈਆਂ ਨੂੰ ਦੋਸ਼ੀ ਬਣਾਇਆ ਗਿਆ ਹੈ। ਕੋਹਿਮਾ ਪੁਲਸ ਨੇ ਬਿਟਕੋਇਨ ਅਤੇ ਹੋਰ ਕ੍ਰਿਪਟੋ ਕਰੰਸੀ ਵਿਚ ਨਿਵੇਸ਼ ਨਾਲ ਭਾਰੀ ਰਿਟਰਨ ਦਾ ਵਾਅਦਾ ਕਰ ਕੇ ਨਿਵੇਸ਼ਕਾਂ ਨੂੰ ਕਥਿਤ ਤੌਰ ’ਤੇ ਧੋਖਾ ਦੇਣ ਲਈ ਭਾਰਤੀ ਦੰਡਾਵਲੀ ਤੇ ਸੂਚਨਾ ਤਕਨਾਲੋਜੀ ਐਕਟ ਤਹਿਤ ਵੱਖ-ਵੱਖ ਲੋਕਾਂ ’ਤੇ ਮਾਮਲਾ ਦਰਜ ਕੀਤਾ ਸੀ।