ਅਗਸਤਾ ਵੈਸਟਲੈਂਡ ਦੋਸ਼ ਪੱਤਰ ਲੀਕ ਮਾਮਲੇ 'ਚ ਮਿਸ਼ੇਲ ਦੀ ਪਟੀਸ਼ਨ 'ਤੇ ED ਨੂੰ ਕੋਰਟ ਦਾ ਨੋਟਿਸ

Saturday, Apr 06, 2019 - 04:24 PM (IST)

ਅਗਸਤਾ ਵੈਸਟਲੈਂਡ ਦੋਸ਼ ਪੱਤਰ ਲੀਕ ਮਾਮਲੇ 'ਚ ਮਿਸ਼ੇਲ ਦੀ ਪਟੀਸ਼ਨ 'ਤੇ ED ਨੂੰ ਕੋਰਟ ਦਾ ਨੋਟਿਸ

ਨਵੀਂ ਦਿੱਲੀ— ਅਗਸਤ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਮਾਮਲੇ 'ਚ ਗ੍ਰਿਫਤਾਰ ਵਿਚੋਲੇ ਕ੍ਰਿਸ਼ਚੀਅਨ ਮਿਸ਼ੇਲ ਦੀ ਪਟੀਸ਼ਨ 'ਤੇ ਦਿੱਲੀ ਦੀ ਇਕ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੂੰ ਸ਼ਨੀਵਾਰ ਨੂੰ ਨੋਟਿਸ ਜਾਰੀ ਕੀਤਾ। ਦਰਅਸਲ ਮਿਸ਼ੇਲ ਨੇ ਆਪਣੀ ਪਟੀਸ਼ਨ 'ਚ ਦੋਸ਼ ਲਗਾਇਆ ਹੈ ਕਿ ਜਾਂਚ ਏਜੰਸੀ ਦੋਸ਼ ਪੱਤਰ ਦੀ ਕਾਪੀ ਮੀਡੀਆ 'ਚ ਲੀਕ ਕਰ ਕੇ ਮਾਮਲੇ ਦਾ ਸਿਆਸੀਕਰਨ ਕਰ ਰਹੀ ਹੈ। ਉੱਥੇ ਹੀ ਦੂਜੇ ਪਾਸੇ ਜਾਂਚ ਏਜੰਸੀ ਨੇ ਇਹ ਜਾਂਚ ਕਰਨ ਦੀ ਮੰਗ ਕੀਤੀ ਹੈ ਕਿ ਦੋਸ਼ ਪੱਤਰ ਦੀ ਕਾਪੀ ਮੀਡੀਆ 'ਚ ਕਿਵੇਂ ਲੀਕ ਹੋਈ ਅਤੇ ਇਕ ਸਮਾਚਾਰ ਸੰਗਠਨ ਨੂੰ ਨੋਟਿਸ ਜਾਰੀ ਕਰ ਕੇ ਉਸ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਇਹ ਦਸਤਾਵੇਜ਼ ਉਸ ਨੂੰ ਕਿਵੇਂ ਹਾਸਲ ਹੋ ਗਏ। 

ਜੱਜ ਅਰਵਿੰਦ ਕੁਮਾਰ ਨੇ ਜਾਂਚ ਏਜੰਸੀ ਨੂੰ ਨੋਟਿਸ ਜਾਰੀ ਕਰ ਕੇ ਮਿਸ਼ੇਲ ਦੀ ਪਟੀਸ਼ਨ 'ਤੇ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਦਰਅਸਲ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਉਸ ਨੇ (ਮਿਸ਼ੇਲ ਨੇ) ਈ.ਡੀ. ਦੀ ਜਾਂਚ ਦੌਰਾਨ ਇਸ ਸੌਦੇ ਦੇ ਸੰਬੰਧ 'ਚ ਕਿਸੇ ਵਿਅਕਤੀ ਦਾ ਨਾਂ ਨਹੀਂ ਲਿਆ ਸੀ ਅਤੇ ਇੱਥੇ ਤੱਕ ਕਿ ਕੋਰਟ ਨੇ ਵੀ ਆਪਣੇ ਸਾਹਮਣੇ ਦਾਖਲ ਦਸਤਾਵੇਜ਼ਾਂ 'ਤੇ ਕੋਈ ਨੋਟਿਸ ਨਹੀਂ ਲਿਆ, ਜਦੋਂ ਕਿ ਪੂਰੇ ਮਾਮਲੇ ਨੂੰ ਮੀਡੀਆ 'ਚ ਸਨਸਨੀਖੇਜ ਬਣਾਉਣ ਲਈ ਏਜੰਸੀ ਨੇ ਦੋਸ਼ ਪੱਤਰ ਨੂੰ ਲੀਕ ਕੀਤਾ। ਅਦਾਲਤ ਦੋਸ਼ ਪੱਤਰ ਦੀ ਕਾਪੀ ਮੀਡੀਆ 'ਚ ਲੀਕ ਹੋਣ ਸੰਬੰਧੀ ਮਾਮਲੇ 'ਤੇ 11 ਅਪ੍ਰੈਲ ਨੂੰ ਵਿਚਾਰ ਕਰੇਗੀ। ਕੋਰਟ ਨੇ ਮਿਸ਼ੇਲ ਦੇ ਕਾਰੋਬਾਰੀ ਸਾਂਝੇਦਾਰ ਅਤੇ ਵਿਚੋਲੇ ਡੇਵਿਡ ਨਿਗੇਲ ਜਾਨ ਸਿਮਸ ਨੂੰ ਮਾਮਲੇ 'ਚ ਦੋਸ਼ੀ ਦੇ ਤੌਰ 'ਤੇ ਸੰਮਨ ਜਾਰੀ ਕੀਤਾ ਹੈ। ਸਿਮਸ ਦਾ ਨਾਂ ਦੋਸ਼ ਪੱਤ 'ਚ ਦੋਸ਼ੀ ਦੇ ਤੌਰ 'ਤੇ ਦਰਜ ਹੈ ਅਤੇ ਉਸ ਨੂੰ 9 ਅਪ੍ਰੈਲ ਨੂੰ ਕੋਰਟ 'ਚ ਪੇਸ਼ ਹੋਣਾ ਹੋਵੇਗਾ।


author

DIsha

Content Editor

Related News