ਔਰਤਾਂ ਦੇ ਆਰਥਿਕ ਪੱਖੋਂ ਮਜ਼ਬੂਤ ਹੋਣ ਨਾਲ ਵਿਕਾਸ ਨੂੰ ਮਿਲਦਾ ਹੈ ਹੁਲਾਰਾ : PM ਮੋਦੀ

Thursday, Aug 03, 2023 - 12:37 PM (IST)

ਔਰਤਾਂ ਦੇ ਆਰਥਿਕ ਪੱਖੋਂ ਮਜ਼ਬੂਤ ਹੋਣ ਨਾਲ ਵਿਕਾਸ ਨੂੰ ਮਿਲਦਾ ਹੈ ਹੁਲਾਰਾ : PM ਮੋਦੀ

ਗਾਂਧੀਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਔਰਤਾਂ ਦੇ ਆਰਥਿਕ ਪੱਖੋਂ ਮਜ਼ਬੂਤ ਹੋਣ ਨਾਲ ਵਿਕਾਸ ਨੂੰ ਹੁਲਾਰਾ ਮਿਲਦਾ ਹੈ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ‘ਔਰਤਾਂ ਦੀ ਅਗਵਾਈ ਵਾਲਾ ਵਿਕਾਸ ਪੱਖੀ ਦ੍ਰਿਸ਼ਟੀਕੋਣ’ ਹੈ। ਭਾਰਤ ਦੀ ਜੀ-20 ਦੀ ਪ੍ਰਧਾਨਗੀ ਹੇਠ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ 'ਚ ਮਹਾਤਮਾ ਮੰਦਰ 'ਚ ਆਯੋਜਿਤ ‘ਮਹਿਲਾ ਸਸ਼ਕਤੀਕਰਨ ਮੰਤਰੀ ਪੱਧਰੀ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਡਿਜੀਟਲ ਮਾਧਿਅਮ ਰਾਹੀਂ ਕਿਹਾ ਕਿ ਜਦੋਂ ਔਰਤਾਂ ਖੁਸ਼ਹਾਲ ਹੁੰਦੀਆਂ ਹਨ ਤਾਂ ਦੁਨੀਆ ਖੁਸ਼ਹਾਲ ਹੁੰਦੀ ਹੈ।

ਉਨ੍ਹਾਂ ਮੌਜੂਦਾ ਸਥਿਤੀ 'ਚ ਮਹਿਲਾ ਉੱਦਮੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਾਡਾ ਮੰਤਵ ਇਕੋ ਜਿਹੇ ਮੌਕੇ ਮੁਹੱਈਆ ਕਰਵਾਉਣ ਦਾ ਖੇਤਰ ਬਣਾਉਣਾ ਹੋਣਾ ਚਾਹੀਦਾ ਹੈ। ਸਾਨੂੰ ਉਨ੍ਹਾਂ ਰੁਕਾਵਟਾਂ ਨੂੰ ਦੂਰ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਬਾਜ਼ਾਰ, ਗਲੋਬਲ ਵੈਲਿਊ ਚੇਨ ਅਤੇ ਕਿਫਾਇਤੀ ਵਿੱਤ ਤੱਕ ਪਹੁੰਚ ਨੂੰ ਰੋਕਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਤੱਕ ਉਨ੍ਹਾਂ ਦੀ ਪਹੁੰਚ ਵਿਸ਼ਵ ਪੱਧਰੀ ਤਰੱਕੀ ਨੂੰ ਚਲਾਉਂਦੀ ਹੈ। ਉਨ੍ਹਾਂ ਦੀ ਲੀਡਰਸ਼ਿਪ ਸਮਾਵੇਸ਼ ਨੂੰ ਚਲਾਉਂਦੀ ਹੈ ਅਤੇ ਉਨ੍ਹਾਂ ਦੀ ਆਵਾਜ਼ ਉਸਾਰੂ ਤਬਦੀਲੀ ਨੂੰ ਪ੍ਰੇਰਿਤ ਕਰਦੀ ਹੈ।

ਇਕ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਦਾ ਮਸ਼ਹੂਰ ਚਰਖਾ ਇਕ ਨੇੜਲੇ ਪਿੰਡ ਵਿਚ ਗੰਗਾਬੇਨ ਨਾਮੀ ਔਰਤ ਨੇ ਲੱਭਿਆ ਸੀ। ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਇਕ ਪ੍ਰੇਰਣਾਦਾਇਕ ਮਿਸਾਲ ਕਾਇਮ ਕੀਤੀ ਹੈ। ਉਹ ਇਕ ਸਾਧਾਰਨ ਕਬਾਇਲੀ ਪਿਛੋਕੜ ਤੋਂ ਹੈ ਪਰ ਹੁਣ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਅਗਵਾਈ ਕਰਦੀ ਹੈ। ਉਹ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਫੋਰਸ ਦੀ ਸੁਪਰੀਮ ਕਮਾਂਡਰ ਹੈ।

ਉਨ੍ਹਾਂ ਕਿਹਾ ਕਿ ਭਾਰਤ ਵਿਚ ਸ਼ੁਰੂ ਤੋਂ ਹੀ ਔਰਤਾਂ ਨੂੰ ਵੋਟ ਪਾਉਣ ਅਤੇ ਚੋਣ ਲੜਨ ਦਾ ਅਧਿਕਾਰ ਦਿੱਤਾ ਗਿਆ ਹੈ। ਭਾਰਤ ਵਿਚ ਪੇਂਡੂ ਸਥਾਨਕ ਸੰਸਥਾਵਾਂ 'ਚ 46 ਫੀਸਦੀ ਭਾਵ 14 ਲੱਖ ਚੁਣੀਆਂ ਹੋੀਈਆਂ ਪ੍ਰਤੀਨਿਧੀ ਔਰਤਾਂ ਹਨ। ਭਾਰਤ ਵਿਚ 80 ਫੀਸਦੀ ਤੋਂ ਵੱਧ ਨਰਸਾਂ ਅਤੇ ਦਾਈਆਂ ਔਰਤਾਂ ਹਨ। ਦੇਸ਼ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਫਰੰਟ ਲਾਈਨ ’ਤੇ ਕੰਮ ਕਰਨ ਲਈ ਉਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਮਾਣ ਹੈ।

 


author

Tanu

Content Editor

Related News