ਸਾਬਕਾ CM ਚੰਦਰਸ਼ੇਖਰ ਰਾਓ ''ਤੇ ਚੋਣ ਕਮਿਸ਼ਨ ਦਾ ਐਕਸ਼ਨ, 48 ਘੰਟਿਆਂ ਤਕ ਪ੍ਰਚਾਰ ''ਤੇ ਲਗਾਇਆ ਬੈਨ

Thursday, May 02, 2024 - 01:05 PM (IST)

ਸਾਬਕਾ CM ਚੰਦਰਸ਼ੇਖਰ ਰਾਓ ''ਤੇ ਚੋਣ ਕਮਿਸ਼ਨ ਦਾ ਐਕਸ਼ਨ, 48 ਘੰਟਿਆਂ ਤਕ ਪ੍ਰਚਾਰ ''ਤੇ ਲਗਾਇਆ ਬੈਨ

ਹੈਦਰਾਬਾਦ– ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਦੇ ਪ੍ਰਧਾਨ ਕੇ. ਚੰਦਰਸ਼ੇਖਰ ਰਾਓ (ਕੇ. ਸੀ. ਆਰ.) 'ਤੇ ਚੋਣ ਕਮਿਸ਼ਨ 'ਤੇ ਐਕਸ਼ਨ ਲਿਆ ਹੈ। ਕਮਿਸ਼ਨ ਨੇ ਕਾਂਗਰਸ ਦੀ ਸ਼ਿਕਾਇਤ 'ਤੇ ਨੋਟਿਸ ਲੈਂਦੇ ਹੋਏ ਕੇ.ਸੀ.ਆਰ. 'ਤੇ ਲੋਕ ਸਭਾ ਚੋਣਾਂ ਲਈ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ 48 ਘੰਟਿਆਂ ਲਈ ਪ੍ਰਚਾਰ 'ਤੇ ਬੈਨ ਲਗਾ ਦਿੱਤਾ ਹੈ। 

ਚੋਣ ਕਮਿਸ਼ਨ ਨੇ ਕਿਹਾ ਕਿ 5 ਅਪ੍ਰੈਲ ਨੂੰ ਸਿਰਸਿੱਲਾ ’ਚ ਪੱਤਰਕਾਰ ਸੰਮੇਲਨ ਵਿਚ ਰਾਓ ਦੀ ਟਿੱਪਣੀ ਆਦਰਸ਼ ਚੋਣ ਜ਼ਾਬਤੇ ਦੇ ਨਿਯਮਾਂ ਦੀ ਉਲੰਘਣਾ ਸੀ। ਕਾਂਗਰਸੀ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਤੋਂ ਬਾਅਦ ਰਾਓ ਦੂਜੇ ਨੇਤਾ ਹਨ, ਜਿਨ੍ਹਾਂ ’ਤੇ ਮੌਜੂਦਾ ਲੋਕ ਸਭਾ ਚੋਣਾਂ ਵਿਚ ਪ੍ਰਚਾਰ ਕਰਨ ’ਤੇ 48 ਘੰਟੇ ਦੀ ਪਾਬੰਦੀ ਲਾਈ ਗਈ ਹੈ।

PunjabKesari

ਤੇਲੰਗਾਨਾ ਕਾਂਗਰਸ ਨੇ ਸੀਨੀਅਨ ਉਪ-ਪ੍ਰਧਾਨ ਜੀ. ਨਿਰੰਜਨ ਦੁਆਰਾ 6 ਅਪ੍ਰੈਲ ਨੂੰ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ, ਕੇ.ਸੀ.ਆਰ. ਨੇ ਕਥਿਤ ਤੌਰ 'ਤੇ ਕਾਂਗਰਸ ਨੂੰ ਲੈ ਕੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ। ਸ਼ਿਕਾਇਤ ਤੋਂ ਬਾਅਦ ਦੋਸ਼ਾਂ ਦੀ ਜਾਂਚ ਕਰਨ ਵਾਲੇ ਮੁੱਖ ਚੋਣ ਅਧਿਕਾਰੀ ਨੇ ਚੋਣ ਕਮਿਸ਼ਨ ਨੂੰ ਇਕ ਰਿਪੋਰਟ ਸੌਂਪੀ। ਕਮਿਸ਼ਨ ਨੇ 16 ਅਪ੍ਰੈਲ ਨੂੰ ਕੇ.ਸੀ.ਆਰ. ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। 

ਹਾਲਾਂਕਿ, ਕੇ.ਸੀ.ਆਰ. ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਦੋਸ਼ ਲਾਇਆ ਕਿ ਕਾਂਗਰਸ ਨੇ ਉਨ੍ਹਾਂ ਦੇ ਤੇਲਗੂ ਭਾਸ਼ਣ ਦੇ ਅੰਗਰੇਜ਼ੀ ਅਨੁਵਾਦ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਬੀ.ਆਰ.ਐੱਸ. ਮੁਖੀ ਨੇ ਨੋਟਿਸ ਦੇ ਜਵਾਬ ਵਿੱਚ ਚੋਣ ਕਮਿਸ਼ਨ ਨੂੰ ਕਿਹਾ ਸੀ, "ਤੇਲੰਗਾਨਾ ਅਤੇ ਸਿਰਸੀਲਾ ਵਿੱਚ ਚੋਣਾਂ ਦੇ ਇੰਚਾਰਜ ਅਧਿਕਾਰੀ ਤੇਲਗੂ ਲੋਕ ਨਹੀਂ ਹਨ ਅਤੇ ਉਹ ਤੇਲਗੂ ਦੀ ਸਥਾਨਕ ਬੋਲੀ ਨੂੰ ਮੁਸ਼ਕਿਲ ਨਾਲ ਸਮਝਦੇ ਹਨ। ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਦੀ ਪ੍ਰੈੱਸ ਕਾਨਫਰੰਸ ਵਿੱਚੋਂ ਕੁਝ ਵਾਕਾਂ ਦੇ ਵੱਖੋ-ਵੱਖ ਅਰਥ ਕੱਢ ਕੇ ਸ਼ਿਕਾਇਤ ਕੀਤੀ ਗਈ ਹੈ। ਵਾਕਾਂ ਦਾ ਅੰਗਰੇਜ਼ੀ ਅਨੁਵਾਦ ਸਹੀ ਨਹੀਂ ਹੈ ਅਤੇ ਇਸਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। 

ਚੋਣ ਕਮਿਸ਼ਨ ਨੇ ਦਸਤਾਵੇਜ਼ਾਂ ਅਤੇ ਭਾਸ਼ਣ ਪ੍ਰਤੀਲਿਪੀ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਸਿੱਟਾ ਕੱਢਿਆ ਕਿ ਕੇ.ਸੀ.ਆਰ. ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ ਅਤੇ ਬੁੱਧਵਾਰ ਨੂੰ ਉਨ੍ਹਾਂ ਨੂੰ 48 ਘੰਟਿਆਂ ਲਈ ਪ੍ਰਚਾਰ ਕਰਨ ਤੋਂ ਰੋਕ ਦਿੱਤਾ।


author

Rakesh

Content Editor

Related News