ਭਿਆਨਕ ਸੜਕ ਹਾਦਸੇ ''ਚ ਲਾੜੀ ਦੀ ਮੌਤ, ਪਲਾਂ ''ਚ ਉੱਜੜੀਆਂ ਖੁਸ਼ੀਆਂ
Monday, Feb 25, 2019 - 05:23 PM (IST)

ਬਾਗਪਤ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ ਵਿਚ ਈਸਟਰਨ-ਪੈਰੀਫੇਰਲ ਐਕਸਪ੍ਰੈੱਸ-ਵੇਅ 'ਤੇ ਸੋਮਵਾਰ ਤੜਕਸਾਰ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਗਿਆ। ਇਸ ਹਾਦਸੇ ਵਿਚ ਕਾਰ ਸਵਾਰ ਲਾੜੀ ਸਮੇਤ 2 ਲੋਕਾਂ ਦੀ ਮੌਤ ਗਈ, ਜਦਕਿ ਲਾੜੇ ਸਮੇਤ 4 ਲੋਕ ਜ਼ਖਮੀ ਹੋ ਗਏ। ਪੁਲਸ ਸੂਤਰਾਂ ਮੁਤਾਬਕ ਸੋਮਵਾਰ ਤੜਕੇ ਜਦੋਂ ਡੋਲੀ ਵਾਲੀ ਕਾਰ ਖੇਕੜਾ ਦੇ ਰੇਲਵੇ ਓਵਰ ਬ੍ਰਿਜ ਕੋਲ ਪਹੁੰਚੀ ਤਾਂ ਪਿੱਛੇ ਆ ਰਹੇ ਤੇਜ਼ ਰਫਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ।
ਰਾਹਗੀਰਾਂ ਦੀ ਸੂਚਨਾ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਕਾਰ 'ਚੋਂ ਜ਼ਖਮੀਆਂ ਨੂੰ ਕੱਢਿਆ ਅਤੇ ਜ਼ਿਲਾ ਹਸਪਤਾਲ ਪਹੁੰਚਾਇਆ, ਜਿੱਥੇ ਲਾੜੀ ਨੀਮਾ ਅਤੇ ਰੋਹਤਾਸ਼ ਨਾਂ ਦੇ ਇਕ ਹੋਰ ਵਿਅਕਤੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਹਾਦਸੇ ਵਿਚ ਲਾੜੇ ਰਵਿੰਦਰ ਸਮੇਤ 4 ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਉਸ ਦੀ ਭਾਲ ਜਾਰੀ ਹੈ। ਪੁਲਸ ਨੇ ਦੱਸਿਆ ਕਿ ਸੋਨੀਪਤ ਦੇ ਸਿਲਾਨਾ ਪਿੰਡ ਵਾਸੀ ਰਵਿੰਦਰ ਦਾ ਐਤਵਾਰ ਨੂੰ ਉੱਤਰਾਖੰਡ ਦੇ ਹਲਦਾਨੀ ਵਿਚ ਵਿਆਹ ਹੋਇਆ ਸੀ। ਲਾੜਾ-ਲਾੜੀ ਸਾਥੀਆਂ ਨਾਲ ਸੋਮਵਾਰ ਦੀ ਸਵੇਰ ਨੂੰ ਆਪਣੇ ਘਰ ਪਰਤ ਰਹੇ ਸਨ।