ਭਾਰਤ ਦਾ ਸਭ ਤੋਂ ਖ਼ਤਰਨਾਕ ਭੂਚਾਲ, 20 ਹਜ਼ਾਰ ਲੋਕਾਂ ਨੇ ਗੁਆ ਦਿੱਤੀ ਸੀ ਜਾਨ
Friday, Mar 28, 2025 - 02:08 PM (IST)

ਨੈਸ਼ਨਲ ਡੈਸਕ- ਗਣਤੰਤਰ ਦਿਵਸ ਹਰ ਭਾਰਤੀ ਲਈ ਮਾਣ ਅਤੇ ਖੁਸ਼ੀ ਨਾਲ ਭਰਿਆ ਦਿਨ ਹੁੰਦਾ ਹੈ ਪਰ ਗੁਜਰਾਤ ਦੇ ਭੁਜ ਦੇ ਲੋਕਾਂ ਲਈ 26 ਜਨਵਰੀ, 2001 ਦੀ ਸਵੇਰ ਅਜੇ ਵੀ ਡਰਾਉਣੀਆਂ ਯਾਦਾਂ ਦੇ ਰੂਪ 'ਚ ਜ਼ਿੰਦਾ ਹੈ। ਇਸ ਦਿਨ ਭੁਜ ਨੇ ਆਪਣੇ ਇਤਿਹਾਸ ਦਾ ਸਭ ਤੋਂ ਭਿਆਨਕ ਦ੍ਰਿਸ਼ ਦੇਖਿਆ, ਜਦੋਂ 7.7 ਤੀਬਰਤਾ ਦੇ ਭੂਚਾਲ ਨੇ ਪੂਰੇ ਕੱਛ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ। ਇਸ ਆਫ਼ਤ 'ਚ 20,000 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਅਤੇ ਹਜ਼ਾਰਾਂ ਪਰਿਵਾਰ ਬੇਘਰ ਹੋ ਗਏ। ਉਹ 51ਵਾਂ ਗਣਤੰਤਰ ਦਿਵਸ ਸੀ। ਸਕੂਲਾਂ 'ਚ ਝੰਡਾ ਲਹਿਰਾਉਣ ਦੀਆਂ ਰਸਮਾਂ ਚੱਲ ਰਹੀਆਂ ਸਨ, ਬੱਚੇ ਰਾਸ਼ਟਰੀ ਗੀਤ ਗਾ ਰਹੇ ਸਨ ਅਤੇ ਹਰ ਕੋਈ ਆਪਣੇ ਕੰਮ 'ਚ ਰੁੱਝਿਆ ਹੋਇਆ ਸੀ ਪਰ ਸਵੇਰੇ 8:46 ਵਜੇ ਧਰਤੀ ਕੰਬੀ ਅਤੇ 2 ਮਿੰਟਾਂ ਦੇ ਅੰਦਰ-ਅੰਦਰ ਕੱਛ ਅਤੇ ਆਸ-ਪਾਸ ਦੇ ਇਲਾਕੇ ਤਬਾਹ ਹੋ ਗਏ। ਇਸ ਭੂਚਾਲ ਨੇ ਭੁਜ, ਭਚਾਊ ਅਤੇ ਅੰਜਾਰ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਕੁਝ ਹੀ ਸਮੇਂ 'ਚ, ਇਮਾਰਤਾਂ ਮਲਬੇ 'ਚ ਬਦਲ ਗਈਆਂ, ਸੈਂਕੜੇ ਪਿੰਡ ਤਬਾਹ ਹੋ ਗਏ ਅਤੇ ਹਜ਼ਾਰਾਂ ਲੋਕ ਮਲਬੇ ਹੇਠ ਦੱਬ ਗਏ।
ਭੂਚਾਲ ਤੋਂ ਬਾਅਦ ਚਾਰੇ ਪਾਸੇ ਚੀਕ-ਚਿਹਾੜਾ ਸੀ। ਹਸਪਤਾਲ ਜ਼ਖਮੀਆਂ ਨਾਲ ਭਰੇ ਹੋਏ ਸਨ, ਹਰ ਪਾਸੇ ਤਬਾਹੀ ਸੀ। ਕੱਛ ਦਾ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਬਿਜਲੀ, ਪਾਣੀ ਅਤੇ ਸੰਚਾਰ ਸਹੂਲਤਾਂ ਠੱਪ ਹੋ ਗਈਆਂ ਸਨ। ਹਜ਼ਾਰਾਂ ਲੋਕ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜ਼ਬੂਰ ਸਨ। ਇਸ ਭੂਚਾਲ ਦੇ ਝਟਕੇ ਅਹਿਮਦਾਬਾਦ, ਸੂਰਤ ਅਤੇ ਮੁੰਬਈ ਤੱਕ ਮਹਿਸੂਸ ਕੀਤੇ ਗਏ। 26 ਜਨਵਰੀ 2001 ਨੂੰ ਭੁਜ 'ਚ ਆਏ ਭੂਚਾਲ ਨੂੰ ਭਾਰਤ ਦੇ ਇਤਿਹਾਸ 'ਚ ਹੁਣ ਤੱਕ ਦੀਆਂ ਸਭ ਤੋਂ ਵਿਨਾਸ਼ਕਾਰੀ ਕੁਦਰਤੀ ਆਫ਼ਤਾਂ 'ਚੋਂ ਇਕ ਮੰਨਿਆ ਜਾਂਦਾ ਹੈ।
ਸਰਕਾਰੀ ਅੰਕੜਿਆਂ ਅਨੁਸਾਰ:
20,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ
1,67,000 ਤੋਂ ਵੱਧ ਲੋਕ ਜ਼ਖਮੀ ਹੋਏ।
ਲਗਭਗ 400,000 ਘਰ ਤਬਾਹ ਹੋ ਗਏ।
6,30,000 ਲੋਕ ਬੇਘਰ ਹੋ ਗਏ।
ਇਸ ਆਫ਼ਤ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਰਾਹਤ ਅਤੇ ਮੁੜ ਵਸੇਬਾ ਕਾਰਜਾਂ ਨੂੰ ਤੇਜ਼ ਕੀਤਾ। ਇਸ ਤੋਂ ਬਾਅਦ ਨਰਿੰਦਰ ਮੋਦੀ, ਜੋ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਬਣੇ, ਨੇ ਇਸ ਖੇਤਰ ਦੇ ਪੁਨਰ ਨਿਰਮਾਣ ਦੀ ਜ਼ਿੰਮੇਵਾਰੀ ਸੰਭਾਲੀ। ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੇ ਯਤਨਾਂ ਨਾਲ ਭੁਜ ਦੇ ਮੁੜ ਵਸੇਬੇ ਦਾ ਕੰਮ ਸ਼ੁਰੂ ਹੋਇਆ। ਦੁਨੀਆ ਭਰ ਤੋਂ ਮਦਦ ਆਈ ਅਤੇ ਪੁਨਰ ਨਿਰਮਾਣ ਦਾ ਕੰਮ ਜੰਗੀ ਪੱਧਰ 'ਤੇ ਕੀਤਾ ਗਿਆ। ਭੂਚਾਲ 'ਚ ਜਾਨ ਗੁਆਉਣ ਵਾਲਿਆਂ ਦੀ ਯਾਦ 'ਚ ਭੁਜ 'ਚ 'ਸਮ੍ਰਿਤੀਵਨ' ਬਣਾਇਆ ਗਿਆ। ਇਹ 470 ਏਕੜ 'ਵਿੱਚ ਫੈਲਿਆ ਇਕ ਸਮਾਰਕ ਹੈ, ਜਿਸ 'ਚ ਇਸ ਤ੍ਰਾਸਦੀ 'ਚ ਜਾਨ ਗੁਆਉਣ ਵਾਲੇ ਸਾਰੇ ਲੋਕਾਂ ਦੇ ਨਾਮ ਦਰਜ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8