ਹਰਿਆਣਾ ''ਚ ਲਾਕਡਾਊਨ ਦੌਰਾਨ ਸ਼ਰਾਬ ਦੀ ਗੈਰ-ਕਾਨੂੰਨੀ ਵਿਕਰੀ ਕੀਤੀ ਜਾ ਰਹੀ ਸੀ: ਹੁੱਡਾ
Monday, May 11, 2020 - 07:36 PM (IST)
ਚੰਡੀਗੜ੍ਹ-ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਭਾਵ ਸੋਮਵਾਰ ਨੂੰ ਕਿਹਾ ਹੈ ਕਿ ਹਰਿਆਣਾ 'ਚ ਲਾਕਡਾਊਨ ਦੌਰਾਨ ਵੀ ਗੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਵੇਚੀ ਜਾ ਰਹੀ ਸੀ ਅਤੇ ਇਹ ਕਾਰਨ ਹੈ ਕਿ ਜਦੋਂ 6 ਮਈ ਨੂੰ ਸ਼ਰਾਬ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ ਗਈ ਤਾਂ ਦੁਕਾਨਾਂ 'ਤੇ ਕੋਈ ਭੀੜ ਨਹੀਂ ਹੋਈ। ਕਾਂਗਰਸ ਨੇਤਾ ਨੇ ਕਿਹਾ ਹੈ ਕਿ ਜਦੋਂ ਦਿੱਲੀ, ਉਤਰ ਪ੍ਰਦੇਸ਼ ਅਤੇ ਛੱਤੀਸਗੜ੍ਹ ਵਰਗੇ ਸੂਬਿਆਂ 'ਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ ਤਾਂ ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਕੁਝ ਥਾਵਾਂ 'ਤੇ ਤਾਂ ਦੁਕਾਨਾਂ ਬੰਦ ਕਰਵਾਉਣੀਆਂ ਪਈਆਂ।
ਉਨ੍ਹਾਂ ਨੇ ਕਿਹਾ ਇਸ ਦੌਰਾਨ ਹਰਿਆਣਾ 'ਚ ਅਜਿਹਾ ਦਿਖਾਈ ਨਹੀਂ ਦਿੱਤਾ, ਕਿਉਂਕਿ ਇੱਥੇ ਸ਼ਰਾਬ ਦੀ ਤਸਕਰੀ ਚੱਲ ਰਹੀ ਸੀ ਅਤੇ ਲਾਕਡਾਊਨ ਦੌਰਾਨ ਗੈਰਕਾਨੂੰਨੀ ਤਰੀਕੇ ਨਾਲ ਸ਼ਰਾਬ ਵੇਚੀ ਜਾ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਅਤੇ ਸਰਕਾਰ ਨੂੰ ਇਸ ਦੀ ਡੂੰਘਾਈ ਨਾਲ ਜਾਂਚ ਕਰਵਾਉਣੀ ਚਾਹੀਦੀ ਹੈ।
ਇਕ ਨਿਊਜ਼ ਏਜੰਸੀ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਤੋਂ ਸੋਨੀਪਤ ਦੇ ਇਕ ਗੋਦਾਮ 'ਚ ਭਾਰੀ ਮਾਤਰਾ 'ਚ ਸ਼ਰਾਬ ਗਾਇਬ ਹੋਣ ਅਤੇ ਮਾਮਲੇ ਦੀ ਜਾਂਚ ਐੱਸ.ਆਈ.ਟੀ ਤੋਂ ਕਰਵਾਉਣ ਦੇ ਸੂਬਾ ਸਰਕਾਰ ਦੇ ਆਦੇਸ਼ਾਂ ਦੇ ਸਬੰਧ 'ਚ ਸਵਾਲ ਕੀਤਾ ਗਿਆ ਸੀ । ਇਹ ਪੁੱਛੇ ਜਾਣ 'ਤੇ ਕਿ ਸ਼ਰਾਬ ਘੋਟਾਲਾ ਰਾਜਨੀਤਿਕ ਵਿੰਗ 'ਚ ਹੋਇਆ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ ਨੂੰ ਕਸੂਰਵਾਰ ਅਤੇ ਨਿਰਦੋਸ਼ ਨਹੀਂ ਠਹਿਰਾ ਸਕਦਾ। ਇਸ ਦੀ ਜਾਂਚ ਐੱਸ.ਆਈ.ਟੀ ਨੂੰ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਅਜਿਹਾ ਲੱਗਦਾ ਹੈ ਕਿ ਐੱਸ.ਆਈ.ਟੀ ਇਸ ਦੀ ਜਾਂਚ ਨਹੀਂ ਕਰ ਸਕਦੀ ਤਾਂ ਮਾਮਲੇ ਦੀ ਜਾਂਚ ਹਾਈਕੋਰਟ ਦੇ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕਾਂਗਰਸ ਨੇਤਾ ਨੇ ਬੱਸ ਦੇ ਕਿਰਾਏ 'ਚ ਵਾਧਾ ਵਾਪਸ ਲੈਣ ਅਤੇ ਡੀਜ਼ਲ ਤੇ ਪੈਟਰੋਲ ਦੀ ਕੀਮਤਾਂ 'ਚ ਵਧਾਏ ਗਏ ਵੈਟ ਨੂੰ ਵਾਪਸ ਲੈਅ ਦੀ ਵੀ ਮੰਗ ਕੀਤੀ ਹੈ।