ਡੌਂਕੀ ਲਾ ਕੇ ਜਾ ਰਹੇ 300 ਭਾਰਤੀਆਂ ਨੂੰ ਫਰਾਂਸ 'ਚ ਰੋਕਿਆ, ਨਿਕਾਰਗੁਆ ਦੀ ਫ਼ਲਾਈਟ 'ਚ ਸੀ ਸਵਾਰ

Friday, Dec 22, 2023 - 11:15 PM (IST)

ਡੌਂਕੀ ਲਾ ਕੇ ਜਾ ਰਹੇ 300 ਭਾਰਤੀਆਂ ਨੂੰ ਫਰਾਂਸ 'ਚ ਰੋਕਿਆ, ਨਿਕਾਰਗੁਆ ਦੀ ਫ਼ਲਾਈਟ 'ਚ ਸੀ ਸਵਾਰ

ਇੰਟਰਨੈਸ਼ਨਲ ਡੈਸਕ- ਫਰਾਂਸ ’ਚ 303 ਭਾਰਤੀਆਂ ਨੂੰ ਲਿਜਾ ਰਹੇ ਇਕ ਜਹਾਜ਼ ਨੂੰ ਸ਼ੱਕੀ ਗਤੀਵਿਧੀਆਂ ਕਾਰਨ ਰੋਕ ਲਿਆ ਗਿਆ। ਇਹ ਜਹਾਜ਼ ਯੂ.ਏ.ਈ. ਤੋਂ ਨਿਕਾਰਾਗੁਆ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਇਸ ਜਹਾਜ਼ ਨੂੰ ਫਰਾਂਸ ’ਚ ਮਨੁੱਖੀ ਸਮੱਗਲਿੰਗ ਦੇ ਸ਼ੱਕ ’ਚ ਰੋਕਿਆ ਗਿਆ ਹੈ। ਖਬਰਾਂ ਮੁਤਾਬਕ ਜਹਾਜ਼ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਂਚ ਪੂਰੀ ਹੋਣ ਤੱਕ ਉਡਾਣ ਨਹੀਂ
ਪੈਰਿਸ ਪੁਲਸ ਨੇ ਇਸ ਜਹਾਜ਼ ਨੂੰ ਰੋਕੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਮੁਤਾਬਕ ਇਕ ਗੁਪਤ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਫੈਸਲਾ ਕੀਤਾ ਕਿ ਇਸ ਜਹਾਜ਼ ਵਿਚ ਮੌਜੂਦ 303 ਲੋਕ ਮਨੁੱਖੀ ਸਮੱਗਲਿੰਗ ਦਾ ਸ਼ਿਕਾਰ ਹੋ ਸਕਦੇ ਹਨ। ਸਾਡੀ ਟੀਮ ਨੇ ਪੂਰੀ ਜਾਂਚ ਕੀਤੇ ਜਾਣ ਤੱਕ ਜਹਾਜ਼ ਨੂੰ ਰੋਕ ਕੇ ਰੱਖਣ ਫੈਸਲਾ ਕੀਤਾ ਹੈ।

ਪ੍ਰਾਈਵੇਟ ਕੰਪਨੀ ਦਾ ਚਾਰਟਰ ਜਹਾਜ਼
ਮੀਡੀਆ ਰਿਪੋਰਟਾਂ ਮੁਤਾਬਕ ਜਿਸ ਜਹਾਜ਼ ਨੂੰ ਰੋਕਿਆ ਗਿਆ ਹੈ, ਉਹ ਰੋਮਾਨੀਆ ਦੀ ਚਾਰਟਰ ਕੰਪਨੀ ਦਾ ਹੈ। ਇਸ ਨੂੰ ਪਹਿਲਾਂ ਹੀ ਫਿਊਲ ਅਤੇ ਤਕਨੀਕੀ ਰੱਖ-ਰਖਾਅ ਲਈ ਵਾਟਰੀ ਹਵਾਈ ਅੱਡੇ ’ਤੇ ਉਤਾਰਨਾ ਤੈਅ ਸੀ। ਲੈਂਡਿੰਗ ਤੋਂ ਥੋੜ੍ਹੀ ਦੇਰ ਬਾਅਦ ਪੁਲਸ ਦੀਆਂ ਕਈ ਗੱਡੀਆਂ ਆ ਗਈਆਂ ਅਤੇ ਜਹਾਜ਼ ਨੂੰ ਕਬਜ਼ੇ ’ਚ ਲੈ ਲਿਆ।

ਫਰਾਂਸ ਦੀ ਐਂਟੀ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਗਈ ਹੈ। ਪੁਲਸ ਮੁਤਾਬਕ ਇਹ ਏ-340 ਜਹਾਜ਼ ਹੈ। ਰੋਮਾਨੀਆ ਦੀ ਲੀਜੈਂਡ ਏਅਰਲਾਈਨਜ਼ ਨੇ ਇਸ ਜਹਾਜ਼ ਨੂੰ ਕੁਝ ਲੋਕਾਂ ਲਈ ਬੁੱਕ ਕੀਤਾ ਸੀ। ਇਕ ਜਾਂਚ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਇਨ੍ਹਾਂ ਭਾਰਤੀਆਂ ਨੂੰ ਮੱਧ ਅਮਰੀਕਾ ’ਚ ਕਿਸੇ ਜਗ੍ਹਾ ਲਿਜਾਇਆ ਜਾਣਾ ਸੀ। ਇਹ ਵੀ ਸੰਭਵ ਹੈ ਕਿ ਇਨ੍ਹਾਂ ਵਿਚੋਂ ਕੁਝ ਲੋਕ ਕੈਨੇਡਾ ਜਾਣਾ ਚਾਹੁੰਦੇ ਹੋਣ। ਫਿਲਹਾਲ ਸਾਰੇ ਯਾਤਰੀਆਂ ਨੂੰ ਰਿਸੈਪਸ਼ਨ ਹਾਲ ’ਚ ਰੱਖਿਆ ਗਿਆ ਹੈ। ਪੁਲਸ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੱਕ ਅਸੀਂ ਉਨ੍ਹਾਂ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਾਂਗੇ।

ਨਿਕਾਰਾਗੁਆ ਤੇ ਮਨੁੱਖੀ ਸਮੱਗਲਿੰਗ ਵਿਚਕਾਰ ਕੀ ਹੈ ਸਬੰਧ
ਨਿਕਾਰਾਗੁਆ ਇਕ ਮੱਧ ਅਮਰੀਕੀ ਦੇਸ਼ ਹੈ। ਨਿਕਾਰਾਗੁਆ ਦੇ ਉੱਤਰ ਵਿਚ ਹੋਂਡੂਰਾਸ, ਪੂਰਬ ਵਿਚ ਕੈਰੇਬੀਅਨ, ਦੱਖਣ ਵਿਚ ਕੋਸਟਾਰਿਕਾ ਦੇਸ਼ ਹਨ, ਜਦਕਿ ਪੱਛਮ ਤੋਂ ਇਹ ਪ੍ਰਸ਼ਾਂਤ ਮਹਾਸਾਗਰ ਨਾਲ ਘਿਰਿਆ ਹੋਇਆ ਹੈ। ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਵਾਲਿਆਂ ਲਈ ਇਹ ਦੇਸ਼ ਇਕ ਜੰਨਤ ਹੈ। ਹਰ ਸਾਲ ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀ ਇਸ ਦੇਸ਼ ਰਾਹੀਂ ਅਮਰੀਕਾ-ਮੈਕਸੀਕੋ ਸਰਹੱਦ ਤੱਕ ਪਹੁੰਚਦੇ ਹਨ। ਇਸ ਰਸਤੇ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿਚ ਭੂਗੋਲਿਕ ਸਥਿਤੀ ਅਤੇ ਚੋਰੀ-ਡਕੈਤੀ ਵਰਗੀਆਂ ਘਟਨਾਵਾਂ ਸ਼ਾਮਲ ਹਨ। ਨਿਕਾਰਾਗੁਆ ਵਿਚ ਇਨ੍ਹਾਂ ਪ੍ਰਵਾਸੀਆਂ ਦੀ ਕੋਈ ਵਿਸ਼ੇਸ਼ ਜਾਂਚ ਨਹੀਂ ਕੀਤੀ ਜਾਂਦੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News