ਲੈਬਾਰਟਰੀ ’ਚ ‘ਕੋਵਿਡ-19’ ਦਾ ਐਂਟੀਬਾਡੀ ਬਣਾਉਣਗੇ DU ਦੇ ਵਿਗਿਆਨਕ

04/12/2020 9:25:00 PM

ਨਵੀਂ ਦਿੱਲੀ- ਕੋਰੋਨਾ ਨਾਲ ਲੜਨ ਲਈ ਦਿੱਲੀ ਯੂਨੀਵਰਸਿਟੀ (ਡੀ. ਯੂ.) ਦੇ ਵਿਗਿਆਨੀ ਲੈਬਾਰਟਰੀ ’ਚ ਇਸ ਦਾ ਐਂਟੀਬਾਡੀ ਮਤਲਬ ਰੋਗਾਂ ਨਾਲ ਲੜਨ ਵਾਲੀ ਦਵਾਈ ਬਣਾਉਣ ’ਚ ਜੁਟ ਗਏ ਹਨ। ਯੂਨੀਵਰਸਿਟੀ ਦੇ ਸਾਊਥ ਕੈਂਪਸ ’ਚ ‘ਇਨਫੈਕਸ਼ਨ ਰੋਗ ਖੋਜ ਕੇਂਦਰ, ਟੀਚਿੰਗ ਟ੍ਰੇਨਿੰਗ ਇਨੋਵੇਸ਼ਨ ਕੇਂਦਰ’ ’ਚ ਪ੍ਰੋ. ਵਿਜੇ ਚੌਧਰੀ ਦੀ ਅਗਵਾਈ ’ਚ ਜਾਰੀ ਇਸ ਖੋਜ ਨੂੰ ਕੇਂਦਰ ਸਰਕਾਰ ਦੇ ਜੈਵ ਟੈਕਨਾਲੋਜੀ ਵਿਭਾਗ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਖੋਜ ’ਚ ਰਾਸ਼ਟਰੀ ਪ੍ਰਤੀਰੋਧਕ ਵਿਗਿਆਨ ਸੰਸਥਾਨ ਦੇ ਡਾ. ਅਮੂਲਯ ਪਾਂਡਾ ਅਤੇ ਜੇਨੋਵਾ ਬਾਇਓਫਾਰਮਾਸੂਟੀਕਲ ਲਿਮ. ਦੇ ਡਾ. ਸੰਜੇ ਸਿੰਘ ਵੀ ਸ਼ਾਮਲ ਹਨ।
ਕਿਸੇ ਵਾਇਰਸ ਕਾਰਣ ਹੋਈ ਇਨਫੈਕਸ਼ਨ ਤੋਂ ਜਿਹੜਾ ਮਰੀਜ਼ ਠੀਕ ਹੋ ਜਾਂਦਾ ਹੈ, ਉਸ ਦੇ ਸਰੀਰ ’ਚ ਉਸ ਬੀਮਾਰੀ ਦਾ ਐਂਟੀਬਾਡੀ ਵੀ ਬਣ ਜਾਂਦਾ ਹੈ। ਕੁਝ ਮਾਮਲਿਆਂ ’ਚ ਇਕ ਠੀਕ ਹੋ ਚੁੱਕੇ ਵਿਅਕਤੀ ਦਾ ਖੂਨ ਪਲਾਜ਼ਮਾ ਬੀਮਾਰੀ ਨਾਲ ਲੜ ਰਹੇ ਮਰੀਜ਼ ਨੂੰ ਦੇ ਕੇ ਉਸ ਦੇ ਸਰੀਰ ’ਚ ਐਂਡੀਬਾਡੀ ਪਹੁੰਚਾਇਆ ਜਾਂਦਾ ਹੈ। ਮੌਜੂਦਾ ਸਮੇਂ ’ਚ ਲੈਬਾਰਟਰੀਆਂ ’ਚ ਕਿਸੇ ਵੀ ਬੀਮਾਰੀ ਦਾ ਐਂਟੀਬਾਡੀ ਬਣਾਉਣਾ ਸੰਭਵ ਹੈ। ਪ੍ਰੋ. ਚੌਧਰੀ ਦੀ ਅਗਵਾਈ ਵਾਲੀ ਟੀਮ ਕੋਵਿਡ-19 ਰੋਗ ਨਾਲ ਲੜਨ ਵਾਲੀ ਦਵਾਈ ਬਣਾਉਣ ਲਈ ਲੈਬਾਰਟਰੀ ’ਚ ਖੋਜ ਕਰ ਰਹੀ ਹੈ।
ਲੈਬਾਰਟਰੀ ’ਚ ਐਂਟੀਬਾਡੀ ਬਣਾਉਣ ਲਈ ਐਂਟੀਬਾਡੀ ਦੇ ਪਹਿਲਾਂ ਤੋਂ ਮੌਜੂਦ ਨਮੂਨਿਆਂ ਨਾਲ ਹੀ ਕੋਵਿਡ-19 ਦੇ ਇਨਫੈਕਸ਼ਨ ਤੋਂ ਮੁਕਤ ਹੋ ਚੁੱਕੇ ਮਰੀਜ਼ਾਂ ਦੀਆਂ ਕੋਸ਼ਿਕਾਵਾਂ ਦਾ ਵੀ ਇਸਤੇਮਾਲ ਕੀਤਾ ਜਾਏਗਾ। ਜੇਕਰ ਇਹ ਟੈਸਟ ਸਫਲ ਰਿਹਾ ਤਾਂ ਕੋਰੋਨਾ ਨਾਲ ਲੜਨਾ ਸੰਭਵ ਹੋ ਸਕੇਗਾ। ਇਸ ਦਾ ਇਸਤੇਮਾਲ ਨਾ ਸਿਰਫ ਕੋੋਰੋਨਾ ਦੇ ਮਰੀਜ਼ਾਂ ਦੇ ਇਲਾਜ ’ਚ ਕੀਤਾ ਜਾ ਸਕੇਗਾ ਬਲਕਿ ਜੋ ਲੋਕ ਇਸ ਦੀ ਲਪੇਟ ’ਚ ਨਹੀਂ ਆਏ, ਉਨ੍ਹਾਂ ਨੂੰ ਕੋਰੋਨਾ ਤੋਂ ਬਚਾਉਣ ’ਚ ਵੀ ਇਹ ਕੰਮ ਆਏਗਾ।
 


Gurdeep Singh

Content Editor

Related News