ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਤੇ ਕੋਰਟ ਨੇ ਲਾਇਆ ਸਟੇਅ
Friday, Jan 18, 2019 - 05:19 PM (IST)
ਨਵੀਂ ਦਿੱਲੀ (ਸੁਨੀਲ ਪਾਂਡੇ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 19 ਜਨਵਰੀ ਨੂੰ ਪ੍ਰਸਤਾਵਿਤ ਨਵੀਂ ਕਾਰਜਕਾਰਨੀ ਦੀ ਚੋਣ ਫਿਲਹਾਲ ਨਹੀਂ ਹੋਵੇਗੀ। ਸ਼ੁੱਕਰਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੇ ਇਸ’ਤੇ ਰੋਕ ਲਾ ਦਿੱਤੀ। ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਗੁਰਮੀਤ ਸਿੰਘ ਸ਼ੰਟੀ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਤੀਸ ਹਜ਼ਾਰੀ ਕੋਰਟ ਦੇ ਜੱਜ ਸੰਜੀਵ ਕੁਮਾਰ ਨੇ ਸਾਰੇ ਪੱਖਾਂ ਦੀਆਂ ਦਲੀਲਾਂ ਨੂੰ ਸੁਣਨ ਦੇ ਬਾਅਦ ਕਮੇਟੀ ਦੀ ਅੰਦਰੂਨੀ ਚੋਣ ’ਤੇ ਰੋਕ ਲਾ ਦਿੱਤੀ ਹੈ। ਅਦਾਲਤ ਦੀ ਇਸ ਕਾਰਵਾਈ ਨਾਲ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਸ਼ਨੀਵਾਰ ਨੂੰ ਕਮੇਟੀ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਸਮੇਤ 15 ਮੈਂਬਰਾਂ ਦੀ ਚੋਣ ਹੋਣੀ ਸੀ ਪਰ ਹੁਣ ਨਹੀਂ ਹੋ ਸਕੇੇਗੀ।
ਲੱਗਭਗ ਦੋ ਘੰਟਿਆਂ ਤੱਕ ਚੱਲੀ ਬਹਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਪਟੀਸ਼ਨਕਰਤਾ ਗੁਰਮੀਤ ਸਿੰਘ ਸ਼ੰਟੀ ਦੇ ਹੱਕ ’ਚ ਦਿੱਤਾ। ਸ਼ੰਟੀ ਦੇ ਵਕੀਲ ਦੀ ਦਲੀਲ ਸੀ ਕਿ ਉਨ੍ਹਾਂ ਨੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਹੋਰ ਕਾਰਜਕਾਰਨੀ ਮੈਂਬਰਾਂ ਦੇ ਵਿਰੁੱਧ ਪਟਿਆਲਾ ਹਾਊਸ ਕੋਰਟ ਰਾਹੀਂ ਧੋਖਾਦੇਹੀ ਅਤੇ ਭ੍ਰਿਸ਼ਟਾਚਾਰ ਦੀ ਐੱਫ. ਆਈ.ਆਰ. ਦਰਜ ਕਰਵਾਈ ਹੈ। ਮੁਕੱਦਮਾ ਦਰਜ ਹੋਣ ਤੋਂ ਬਾਅਦ ਕਾਰਜਕਾਰਨੀ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਚਾਹੁੰਦੀ ਹੈ। ਇਸ ਲਈ ਚੋਣਾਂ ਦਾ ਬਹਾਨਾ ਬਣਾ ਕੇ ਆਪਣੀਆਂ ਗਲਤੀਆਂ ’ਤੇ ਪਰਦਾ ਪਾਉਣਾ ਚਾਹੁੰਦੇ ਹਨ ਜਦਕਿ ਕਾਰਜਕਾਰਨੀ ਦੀ ਤੈਅ ਮਿਆਦ 29 ਮਾਰਚ 2019 ਤੱਕ ਹੈ। ਇਸ ਲਈ ਜੇਕਰ ਸਮੇਂ ਤੋਂ ਪਹਿਲਾਂ ਕਾਰਜਕਾਰਨੀ ਦੀ ਚੋਣ ਹੋ ਗਈ ਤਾਂ ਦੋਸ਼ੀ ਕਮੇਟੀ ਮੈਂਬਰਾਂ ਵਿਰੁੱਧ ਕਾਰਵਾਈ ਕਰਨੀ ਮੁਸ਼ਕਲ ਹੋ ਜਾਵੇਗੀ ਜਦਕਿ ਦੂਸਰੇ ਪਾਸੇ ਗੁਰਦੁਆਰਾ ਕਮੇਟੀ (ਬਚਾਅ ਪੱਖ) ਦੇ ਵਕੀਲ ਦੀ ਦਲੀਲ ਸੀ ਕਿ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਵੀ ਅਸਤੀਫਾ ਦੇ ਚੁੱਕੇ ਹਨ, ਇਸ ਲਈ ਨਵੀਆਂ ਚੋਣਾਂ ਵੀ ਸੰਭਾਵਿਤ ਹਨ ਪਰ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੇ ਇਸ ਸਬੰਧ ’ਚ ਕਿਸੇ ਤਰ੍ਹਾਂ ਦੇ ਅਸਤੀਫੇ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ’ਤੇ ਬਚਾਅ ਪੱਖ ਨੂੰ ਇਕ ਸਰਕੂਲਰ ਦੀ ਕਾਪੀ ਦਿਖਾਈ, ਜਿਸ ਦੇ ਆਧਾਰ ’ਤੇ ਅਸਤੀਫੇ ਦੇ ਸਰਕੂਲਰ ’ਤੇ ਕਮੇਟੀ ਮੈਂਬਰਾਂ ਦੇ ਅਸਤੀਫੇ ਲਏ ਗਏ ਸਨ। ਸ਼ੰਟੀ ਦੇ ਵਕੀਲ ਨੇ ਇਸ ਸਰਕੂਲਰ ਦਾ ਵਿਰੋਧ ਕੀਤਾ ਤੇ ਕਿਹਾ ਕਿ 6 ਦਸੰਬਰ 2018 ਤੋਂ ਲੈ ਕੇ ਅਜੇ ਤੱਕ ਕਿਸੇ ਵੀ ਪੱਤਰ ਨਾਲ ਅਸਤੀਫਾ ਨਹੀਂ ਆਇਆ ਹੈ।
ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਚੋਣ ’ਤੇ ਰੋਕ ਲਾਉਂਦੇ ਹੋਏ ਸਾਫ ਹੁਕਮ ਦਿੱਤੇ ਹਨ ਕਿ ਬਿਨਾਂ ਡਾਇਰੈਕਟੋਰੇਟ ਦੀ ਮਨਜ਼ੂਰੀ ਦੇ ਕੋਈ ਚੋਣ ਨਹੀਂ ਕਰਵਾਈ ਜਾਵੇਗੀ। ਕਮੇਟੀ ਦੇ ਦਾਅਵਿਆਂ ਅਨੁਸਾਰ ਜਦੋਂ ਕਾਰਜਕਾਰਨੀ ਦੇ ਮੈਂਬਰ ਅਸਤੀਫਾ ਦੇ ਚੁੱਕੇ ਹਨ ਤਾਂ ਨਵੀਂ ਕਾਰਜਕਾਰਨੀ ਦੀ ਚੋਣ ਲਈ ਪ੍ਰੋਟਮ ਸਪੀਕਰ ਚੁਣਿਆ ਜਾਣਾ ਜ਼ਰੂਰੀ ਹੈ, ਕਿਉਂਕਿ ਮੌਜੂਦਾ ਪ੍ਰਧਾਨ ਅਗਲੀ ਕਾਰਜਕਾਰਨੀ ਦੀ ਚੋਣ ਨਹੀਂ ਕਰਵਾ ਸਕਦੇ। ਇਸ ਮਾਮਲੇ ’ਚ ਕੋਰਟ ਨੇ ਦੋਵਾਂ ਪੱਖਾਂ ਦੇ ਜਵਾਬ ਦਾਖਲ ਕਰਨ ਦੇ ਨਾਲ ਹੀ 21 ਫਰਵਰੀ 2019 ਦੀ ਅਗਲੀ ਤਰੀਕ ਤੈਅ ਕੀਤੀ ਹੈ। ਦੂਜੇ ਪਾਸੇ ਸਮਾਜ ਸੇਵਕ ਦਲਜੀਤ ਸਿੰਘ ਖਾਲਸਾ ਨੇ ਵੀ 20 ਕਮੇਟੀ ਮੈਂਬਰਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਖਲ ਕਰ ਦਿੱਤੀ।
ਗੁਰਦੁਆਰਾ ਕਮੇਟੀ ਨੇ ਅੱਜ ਸੱਦੀ ਜਨਰਲ ਹਾਉੂਸ ਦੀ ਮੀਟਿੰਗ
ਇਸ ਸਭ ਦੌਰਾਨ ਗੁਰਦੁਅਾਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੁਖੀ ਹਰਮੀਤ ਸਿੰਘ ਕਾਲਕਾ ਤੇ ਮਨਜਿੰਦਰ ਸਿੰਘ ਸਿਰਸਾ ਨੇ 19 ਜਨਵਰੀ ਨੂੰ ਜਨਰਲ ਹਾਊਸ ਦੀ ਮੀਟਿੰਗ ਸੱਦੀ ਹੈ। ਇਸ ਵਿਚ ਚੋਣ ਤਾਂ ਨਹੀਂ ਹੋਵੇਗੀ ਪਰ ਕਾਰਜਕਾਰਨੀ ਦੇ ਮੈਂਬਰ ਜਾ ਤਾਂ ਅਸਤੀਫਾ ਦੇ ਸਕਦੇ ਹਨ ਜਾਂ ਫਿਰ ਅਗਲਾ ਜਨਰਲ ਹਾਊਸ ਨਵੀਂ ਕਾਰਜਕਾਰਨੀ ਚੋਣ ਲਈ 29 ਮਾਰਚ ਨੂੰ ਸੱਦਣ ਦਾ ਫੈਸਲਾ ਲੈ ਸਕਦੇ ਹਨ।
ਬਾਦਲ ਦਲ ਜੀ. ਕੇ. ਨੂੰ ਬਣਾਈ ਰੱਖਣਾ ਚਾਹੁੰਦੈ ਪ੍ਰਧਾਨ : ਸਰਨਾ
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਆਖਰੀ ਮੌਕੇ ’ਤੇ ਬਾਦਲ ਪਾਰਟੀ ਨੇ ਅਦਾਲਤ ’ਚ ਮਾਮਲਾ ਦਰਜ ਕਰਕੇ ਸਿੱਧ ਕਰ ਦਿੱਤਾ ਹੈ ਕਿ ਜੀ. ਕੇ. ਵਲੋਂ ਗੋਲਕ ਦੀ ਲੁੱਟ ਅਜੇ ਜਾਰੀ ਰਹੇਗੀ। ਉਨ੍ਹਾਂ ਬਾਦਲ ਤੇ ਦਿੱਲੀ ਦੀ ਸੰਗਤ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਾਏ, ਜਿਸ ਕਾਰਨ ਦਿੱਲੀ ਕਮੇਟੀ ਦੀ ਕਾਰਜਕਾਰਨੀ ਦੀ 19 ਜਨਵਰੀ ਦੀ ਹੋਣ ਵਾਲੀ ਚੋਣ ਨੂੰ ਰੁਕਵਾਉਣ ਲਈ ਤੀਸ ਹਜ਼ਾਰੀ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ।
