ਕੋਰਟ ਨੇ ਦਿੱਤੀ ਹਰੀ ਝੰਡੀ, ਜਲਦ ਹੋਣਗੀਆਂ DSGMC ਦੀਆਂ ਚੋਣਾਂ (ਵੀਡੀਓ)

01/23/2019 4:34:12 PM

ਨਵੀਂ ਦਿੱਲੀ (ਕਮਲ ਕੁਮਾਰ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੀਆਂ ਕਾਰਜਕਾਰੀ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਉਣ ਦੇ ਮਾਮਲੇ ਵਿਚ ਕੋਰਟ ਨੇ ਹਰੀ ਝੰਡੀ ਦੇ ਦਿੱਤੀ ਹੈ। ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਚੋਣਾਂ 'ਤੇ ਲੱਗਾ ਸਟੇਅ ਅੱਜ ਭਾਵ ਬੁੱਧਵਾਰ ਨੂੰ ਹਟਾ ਦਿੱਤਾ ਹੈ। ਦਰਅਸਲ ਇਸ ਮਾਮਲੇ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਮੈਂਬਰ ਗੁਰਮੀਤ ਸਿੰਘ ਸ਼ੰਟੀ ਵਲੋਂ ਤੀਸ ਹਜ਼ਾਰੀ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਉਨ੍ਹਾਂ ਪਟੀਸ਼ਨ ਵਿਚ ਕਿਹਾ ਸੀ ਕਿ ਦਿੱਲੀ ਕਮੇਟੀ ਇਹ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਉਣ ਜਾ ਰਹੀ ਹੈ, ਜੋ ਕਿ ਸਹੀ ਨਹੀਂ ਹੈ। ਸ਼ੰਟੀ ਨੇ ਦੱਸਿਆ ਸੀ ਕਿ ਗੁਰਦੁਆਰਾ ਐਕਟ ਮੁਤਾਬਕ ਪਹਿਲਾਂ ਕੋਰ ਕਮੇਟੀ ਦੇ ਮੈਂਬਰਾਂ ਵਲੋਂ ਅਸਤੀਫੇ ਦਿੱਤੇ ਜਾਂਦੇ ਹਨ, ਜਿਸ ਤੋਂ ਬਾਅਦ ਚੋਣਾਂ ਹੁੰਦੀਆਂ ਹਨ ਪਰ ਬਿਨਾਂ ਅਸਤੀਫੇ ਦਿੱਤੇ ਹੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਸ ਨੂੰ ਲੈ ਕੇ ਕੋਰਟ ਵਿਚ ਚੁਣੌਤੀ ਦਿੱਤੀ ਗਈ।

ਕੋਰਟ ਨੇ ਅੱਜ ਸੁਣਵਾਈ ਕਰਦੇ ਹੋਏ ਸਟੇਅ ਨੂੰ ਹਟਾ ਦਿੱਤਾ ਹੈ। ਓਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ 15 ਦਿਨਾਂ ਵਿਚ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਹਾਲਾਂਕਿ ਪਟੀਸ਼ਨਕਰਤਾ ਗੁਰਮੀਤ ਸ਼ੰਟੀ ਦਾ ਕਹਿਣਾ ਹੈ ਕਿ ਜੇਕਰ ਐਕਟ ਤਹਿਤ ਚੋਣਾਂ ਨਹੀਂ ਹੋਈਆਂ ਤਾਂ ਉਹ ਦੂਜੇ ਕੋਰਟ ਵਿਚ ਵੀ ਇਸ ਵਿਰੁੱਧ ਜਾ ਸਕਦੇ ਹਨ। ਇੱਥੇ ਦੱਸ ਦੇਈਏ ਕਿ ਚੋਣਾਂ 19 ਜਨਵਰੀ 2019 ਨੂੰ ਹੋਣੀਆਂ ਸਨ ਪਰ ਗੁਰਮੀਤ ਸ਼ੰਟੀ ਵਲੋਂ ਪਟੀਸ਼ਨ ਦਾਇਰ ਕਰਨ ਮਗਰੋਂ ਕੋਰਟ ਨੇ ਸਟੇਅ ਲਾ ਦਿੱਤੀ ਸੀ।


Tanu

Content Editor

Related News