ਕਰਤਾਰਪੁਰ ਲਾਂਘੇ ਬਾਰੇ ਸਿਰਸਾ ਬੋਲੇ- ਸੁੰਦਰ ਪ੍ਰਾਜੈਕਟ ਤਿਆਰ ਕਰ ਰਹੀ ਹੈ ਭਾਰਤ ਸਰਕਾਰ
Saturday, Jun 22, 2019 - 11:57 AM (IST)

ਨਵੀਂ ਦਿੱਲੀ—ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦਾ ਇਕ ਵਫਦ ਸ਼ੁੱਕਰਵਾਰ ਨੂੰ ਪ੍ਰਧਾਨ ਮਨਜਿੰਦਰ ਸਿਰਸਾ ਦੀ ਅਗਵਾਈ ਵਿਚ ਗ੍ਰਹਿ ਮੰਤਰਾਲਾ ਦੇ ਅਧਿਕਾਰੀਆਂ ਨੂੰ ਮਿਲਿਆ ਅਤੇ ਕਰਤਾਰਪੁਰ ਲਾਂਘੇ ਦੇ ਪ੍ਰਾਜੈਕਟਾਂ ਦੇ ਚੱਲ ਰਹੇ ਨਿਰਮਾਣ ਕੰਮਾਂ ਦੀ ਜਾਣਕਾਰੀ ਲਈ। ਗ੍ਰਹਿ ਮੰਤਰਾਲਾ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਰਸਾ ਨੇ ਦੱਸਿਆ ਕਿ ਅਸੀਂ ਪ੍ਰਾਜੈਕਟਾਂ ਬਾਰੇ ਜੋ ਜਾਣਕਾਰੀ ਪ੍ਰਾਪਤ ਕੀਤੀ ਹੈ, ਉਸ ਨੂੰ ਵੇਖ-ਸੁਣ ਕੇ ਸਾਨੂੰ ਬਹੁਤ ਖੁਸ਼ੀ ਹੋਈ ਹੈ। ਸਰਕਾਰ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਦੇ ਜੋ ਪ੍ਰਾਜੈਕਟ ਤਿਆਰ ਕੀਤੇ ਜਾ ਰਹੇ ਹਨ, ਉਹ ਬਹੁਤ ਹੀ ਖੂਬਸੂਰਤ ਹੋਣਗੇ।
ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਨ੍ਹਾਂ ਪ੍ਰਾਜੈਕਟਾਂ ਲਈ 50 ਏਕੜ ਜ਼ਮੀਨ ਐਕਵਾਇਰ ਕੀਤੀ ਹੈ ਅਤੇ 15 ਏਕੜ ਵਿਚ ਬਹੁਤ ਹੀ ਵਧੀਆ ਇਮਾਰਤਾਂ ਅਤੇ ਸਜਾਵਟੀ ਐਂਟਰੀ ਗੇਟ ਜਾਂ ਕੋਰੀਡੋਰ (ਲਾਂਘਾ) ਟਰਮੀਨਲ ਦੇ ਰੂਪ ਵਿਚ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਦਾ ਕੰਮ 50 ਫੀਸਦੀ ਮੁਕੰਮਲ ਹੋ ਚੁੱਕਾ ਹੈ। ਸਿਰਸਾ ਨੇ ਕਿਹਾ ਕਿ ਭਾਰਤ ਤੋਂ ਲਾਂਘੇ ਵੱਲ ਜਾਣ ਵਾਲੀ 6 ਲੇਨ ਸੜਕ ਬਣਾਈ ਜਾ ਰਹੀ ਹੈ, ਜੋ 60 ਮੀਟਰ ਚੌੜੀ ਹੋਵੇਗੀ ਅਤੇ ਉਸ ਦੇ ਦੋਵੇਂ ਪਾਸੇ ਪੈਦਲ ਚੱਲਣ ਲਈ ਵੀ ਰਸਤੇ ਤਿਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਲੋਂ 2 ਲੇਨ ਸੜਕ ਬਣ ਕੇ ਲਾਂਘੇ ਤੱਕ ਪਹੁੰਚ ਰਹੀ ਹੈ। ਸਿਰਸਾ ਨੇ ਦੱਸਿਆ ਕਿ ਸਰਕਾਰ ਵਲੋਂ ਇਨ੍ਹਾਂ ਪ੍ਰਾਜੈਕਟਾਂ 'ਤੇ 500 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।