ਹੈਦਰਾਬਾਦ ’ਚ ਨਸ਼ਾ ਸਮੱਗਲਰ ਨੇ ਪੁਲਸ ਵਾਲਿਆਂ ’ਤੇ ਚੜ੍ਹਾਈ ਕਾਰ, 3 ਮੁਲਾਜ਼ਮ ਜ਼ਖ਼ਮੀ
Monday, Jul 27, 2026 - 06:57 PM (IST)
ਹੈਦਰਾਬਾਦ, (ਏਜੰਸੀ)-ਹੈਦਰਾਬਾਦ ਵਿਚ ਇਕ ਕਥਿਤ ਨਸ਼ਾ ਸਮੱਗਲਰ ਨੇ ਨਸ਼ਾ ਵਿਰੋਧੀ ਮੁਹਿੰਮ ਤੋਂ ਬਚਣ ਦੀ ਕੋਸ਼ਿਸ਼ ਵਿਚ ਇਕ ਇੰਸਪੈਕਟਰ ਸਮੇਤ 3 ਪੁਲਸ ਵਾਲਿਆਂ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਪੁਲਸ ਅਨੁਸਾਰ ਇਹ ਘਟਨਾ ਐਤਵਾਰ ਦੀ ਹੈ ਅਤੇ ਮੁਲਜ਼ਮ ਨੂੰ ਪਿੱਛਾ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਖ਼ਤਾ ਸੂਚਨਾ ਦੇ ਆਧਾਰ ’ਤੇ ਹੈਦਰਾਬਾਦ ‘ਨਾਰਕੋਟਿਕਸ ਇਨਫੋਰਸਮੈਂਟ ਵਿੰਗ’ ਦੀ ਇਕ ਟੀਮ ਨੇ ਆਬਿਡਸ ਇਲਾਕੇ ਵਿਚ ਨਸ਼ਾ ਸਮੱਗਲਿੰਗ ਵਿਚ ਕਥਿਤ ਤੌਰ ’ਤੇ ਸ਼ਾਮਲ ਇਕ ਵਿਅਕਤੀ ਨੂੰ ਫੜਨ ਲਈ ਜਾਲ ਵਿਛਾਇਆ ਸੀ। ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕਰਦਿਆਂ ਆਪਣੀ ਕਾਰ ਨਾਲ ਇਕ ਕਾਂਸਟੇਬਲ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਕਾਂਸਟੇਬਲ ਦੀ ਇਕ ਲੱਤ ਦੀ ਹੱਡੀ ਟੁੱਟ ਗਈ ਅਤੇ ਉਸਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਪੁਲਸ ਟੀਮ ਨੇ ਮੁਲਜ਼ਮ ਦਾ ਪਿੱਛਾ ਕੀਤਾ ਅਤੇ ਜਦੋਂ ਪੁਲਸ ਵਾਲਿਆਂ ਨੇ ਅਫ਼ਜ਼ਲਗੰਜ ਇਲਾਕੇ ਵਿਚ ਉਸਦੀ ਕਾਰ ਨੂੰ ਘੇਰ ਲਿਆ, ਤਾਂ ਉਸਨੇ ਫਿਰ ਤੋਂ ਪੁਲਸ ਵਾਲਿਆਂ ਨੂੰ ਕਥਿਤ ਤੌਰ ’ਤੇ ਦਰੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਕ ਹੋਰ ਕਾਂਸਟੇਬਲ ਅਤੇ ਇਕ ਇੰਸਪੈਕਟਰ ਨੂੰ ਮਾਮੂਲੀ ਸੱਟਾਂ ਲੱਗੀਆਂ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ।
