ਮੁਰਮੂ ਨੂੰ ਮਿਲ ਸਕਦੀਆਂ ਹਨ 70 ਫੀਸਦੀ ਵੋਟਾਂ

07/13/2022 10:47:23 AM

ਨਵੀਂ ਦਿੱਲੀ– ਰਾਜਗ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੌਪਦੀ ਮੁਰਮੂ ਨੂੰ 10,86,431 ਵੋਟਾਂ ’ਚੋਂ 70 ਫੀਸਦੀ ਤੋਂ ਵੱਧ ਵੋਟਾਂ ਮਿਲ ਸਕਦੀਆਂ ਹਨ, ਜਿਸ ਨਾਲ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਇਕ ਉਮੀਦਵਾਰ ਨੂੰ ਜਿੱਤਣ ਲਈ 5,43,216 ਵੋਟਾਂ ਚਾਹੀਦੀਆਂ ਹਨ। ਜਦ 21 ਜੂਨ ਨੂੰ ਮੁਰਮੂ ਦੀ ਉਮੀਦਵਾਰੀ ਦਾ ਐਲਾਨ ਕੀਤਾ ਗਿਆ ਸੀ, ਉਦੋਂ ਰਾਜਗ ਕੋਲ ਜਿੱਤ ਲਈ ਜ਼ਰੂਰੀ 50 ਫੀਸਦੀ ਦੇ ਅੰਕੜੇ ਤੋਂ 13000 ਵੋਟਾਂ ਘੱਟ ਸਨ ਪਰ ਹੁਣ ਉਨ੍ਹਾਂ ਦਾ ਸੰਭਾਵੀ ਵੋਟ ਫੀਸਦੀ ਲਗਾਤਾਰ ਵਧਦਾ ਜਾ ਰਿਹਾ ਹੈ ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਨੇ ਉਨ੍ਹਾਂ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਲੈਕਟ੍ਰੋਲ ਕਾਲੇਜ ’ਚ 14 ਨਾਮਜ਼ਦ ਮੈਂਬਰਾਂ ਅਤੇ ਵਿਧਾਨ ਸਭਾਵਾਂ ’ਚ 4033 ਵਿਧਾਇਕਾਂ ਨੂੰ ਛੱਡ ਕੇ 776 ਸੰਸਦ ਮੈਂਬਰ ਹਨ।
ਅਜਿਹਾ ਲੱਗਦਾ ਹੈ ਕਿ ਕਿਸਮਤ ਵੀ ਮੁਰਮੂ ਦੇ ਨਾਲ ਹੈ। ਮਹਾਰਾਸ਼ਟਰ ’ਚ ਮਹਾਵਿਕਾਸ ਅਘਾੜੀ ਸਰਕਾਰ ਪਿਛਲੇ ਮਹੀਨੇ ਤਾਸ਼ ਦੇ ਪੱਤਿਆਂ ਵਾਂਗ ਡਿੱਗ ਗਈ ਅਤੇ ਰਾਜਗ ਦਾ ਵੋਟ ਬੈਂਕ 165 ਵਿਧਾਇਕਾਂ ਤੱਕ ਪਹੁੰਚ ਗਿਆ। ਮੁਰਮੂ ਨੂੰ ਮਹਾਰਾਸ਼ਟਰ ’ਚ 287 ’ਚੋਂ 180 ਵਿਧਾਇਕਾਂ ਦਾ ਸਮਰਥਨ ਮਿਲ ਸਕਦਾ ਹੈ ਕਿਉਂਕਿ ਵੋਟਿੰਗ ਗੁਪਤ ਹੈ ਅਤੇ ਪਾਰਟੀਆਂ ਵੱਲੋਂ ਕੋਈ ਵ੍ਹਿਪ ਜਾਰੀ ਨਹੀਂ ਕੀਤਾ ਜਾ ਸਕਦਾ ਹੈ।

ਸੰਸਦ ਦੇ ਦੋਵਾਂ ਸਦਨਾਂ ’ਚ 42 ਸਿਆਸੀ ਪਾਰਟੀਆਂ ਵਿਚਾਲੇ ਮੁਰਮੂ ਦੇ ਸਮਰਥਨ ਦਾ ਇਕ ਵੱਡਾ ਆਧਾਰ ਹੈ। ਹਾਲਾਂਕਿ ਰਾਜਗ ਕੋਲ ਇਨ੍ਹਾਂ 42 ’ਚੋਂ ਸਿਰਫ 16 ਪਾਰਟੀਆਂ ਹਨ ਪਰ ਜ਼ਿਆਦਾਤਰ ਉਨ੍ਹਾਂ ਨੂੰ ਸਮਰਥਨ ਦੇ ਰਹੀਆਂ ਹਨ। ਬੀਜਦ, ਵਾਈ. ਐੱਸ. ਆਰ.-ਕਾਂਗਰਸ, ਬਸਪਾ, ਸ਼੍ਰੋਮਣੀ ਅਕਾਲੀ ਦਲ, ਆਰ. ਐੱਲ. ਪੀ., ਜਦ (ਐੱਸ), ਟੀ. ਡੀ. ਪੀ., ਚਿਰਾਗ ਪਾਸਵਾਨ ਅਤੇ ਹੋਰਾਂ ਨੇ ਮੁਰਮੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਅਤੇ ਝਾਮੁਮੋ ਨੇ ਉਨ੍ਹਾਂ ਲਈ ਰੈੱਡ ਕਾਰਪੇਟ ਵਿਛਾਇਆ ਹੈ। ਇਸੇ ਕਾਰਨ ਯਸ਼ਵੰਤ ਸਿਨਹਾ ਨੇ ਆਪਣੇ ਗ੍ਰਹਿ ਰਾਜ ਝਾਰਖੰਡ ਦਾ ਦੌਰਾ ਨਹੀਂ ਕੀਤਾ ਹੈ।

ਆਮ ਆਦਮੀ ਪਾਰਟੀ (ਆਪ) ਸ਼ਾਇਦ ਸੰਸਦ ’ਚ ਇਕਲੌਤੀ ਅਜਿਹੀ ਵੱਡੀ ਪਾਰਟੀ ਹੈ, ਜਿਸ ਕੋਲ 10 ਸੰਸਦ ਮੈਂਬਰ ਹਨ ਅਤੇ ਉਸ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਹੈ ਕਿ ਮੁਰਮੂ ਦੇ ਨਾਲ ਜਾਣਾ ਹੈ ਜਾਂ ਸਿਨਹਾ ਦੇ ਨਾਲ। ਕੋਵਿੰਦ ਨੂੰ 2017 ’ਚ 66 ਫੀਸਦੀ ਤੋਂ ਥੋੜੀਆਂ ਵੱਧ ਵੋਟਾਂ ਮਿਲੀਆਂ ਪਰ ਮੁਰਮੂ ਦੇ 70 ਫੀਸਦੀ ਵੋਟਾਂ ਨੂੰ ਵੀ ਪਾਰ ਕਰਨ ਦੀ ਸੰਭਾਵਨਾ ਹੈ।


Rakesh

Content Editor

Related News