ਯੂ. ਪੀ. ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 17 ਦੀ ਮੌਤ, 39 ਗੰਭੀਰ

05/29/2019 8:34:32 AM

ਬਾਰਾਬੰਕੀ–ਬਾਰਾਬੰਕੀ ਜ਼ਿਲੇ ਦੇ ਰਾਮਨਗਰ ਖੇਤਰ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 17 ਲੋਕਾਂ ਦੀ ਮੌਤ ਅਤੇ 39 ਦੀ ਹਾਲਤ ਗੰਭੀਰ ਹੈ। ਬਾਰਾਬੰਕੀ ਦੇ ਪੁਲਸ ਅਧਿਕਾਰੀ ਅਜੇ ਸਾਹਨੀ ਨੇ ਦੱਸਿਆ ਕਿ ਰਾਮਨਗਰ ਥਾਣਾ ਖੇਤਰ ਦੇ ਰਾਣੀਗੰਜ ਪਿੰਡ ਅਤੇ ਉਸ ਦੇ ਲਾਗਲੇ ਇਲਾਕਿਆਂ ਦੇ ਕਈ ਲੋਕਾਂ ਨੇ ਸੋਮਵਾਰ/ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਸ਼ਰਾਬ ਪੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ। ਇਨ੍ਹਾਂ ਵਿਚੋਂ ਹੁਣ ਤੱਕ 12 ਲੋਕਾਂ ਵਿਨੇ ਪ੍ਰਤਾਪ ਉਰਫ ਰਾਜੂ ਸਿੰਘ (30), ਰਾਜੇਸ਼ (35), ਰਮੇਸ਼ (35), ਸੋਨੂੰ (25), ਮੁਕੇਸ਼ (28), ਛੋਟੇ ਲਾਲ (60), ਸੂਰਆ ਬਖਸ਼, ਰਾਜਿੰਦਰ ਵਰਮਾ, ਸ਼ਿਵ ਕੁਮਾਰ (38), ਮਹਿੰਦਰ, ਰਾਮ ਸਹਾਰੇ (20) ਅਤੇ ਮੋਹਨ ਸਿੰਘ (45) ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿਚ 4 ਇਕ ਹੀ ਪਰਿਵਾਰ ਦੇ ਹਨ। ਸ਼ਰਾਬ ਪੀਣ ਨਾਲ ਬੀਮਾਰ 39 ਹੋਰ ਲੋਕਾਂ ਨੂੰ ਲਖਨਊ ਦੇ ਕਿੰਗ ਜਾਰਜ ਮੈਡੀਕਲ ਕਾਲਜ ਹਸਪਤਾਲ ਸਮੇਤ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ।

ਆਬਕਾਰੀ ਅਧਿਕਾਰੀ, ਪੁਲਸ ਅਧਿਕਾਰੀ ਤੇ ਮੁਲਾਜ਼ਮ ਸਸਪੈਂਡ-
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ ’ਤੇ ਦੁਖ ਪ੍ਰਗਟਾਉਂਦਿਆਂ ਮਰਨ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਮਾਮਲੇ ਵਿਚ ਜ਼ਿਲਾ ਆਬਕਾਰੀ ਅਧਿਕਾਰੀ ਸ਼ਿਵ ਨਾਰਾਇਣ ਦੁਬੇ, ਹਲਕਾ ਆਬਕਾਰੀ ਨਿਰੀਖਕ ਰਾਮ ਤੀਰਥ ਮੌਰੀਆ, 3 ਆਬਕਾਰੀ ਕਾਂਸਟੇਬਲ ਅਤੇ 5 ਸਿਪਾਹੀਆਂ ਦੇ ਨਾਲ-ਨਾਲ ਰਾਮਨਗਰ ਦੇ ਪੁਲਸ ਖੇਤਰ ਅਧਿਕਾਰੀ ਪਵਨ ਗੌਤਮ ਅਤੇ ਥਾਣਾ ਮੁਖੀ ਰਾਜੇਸ਼ ਕੁਮਾਰ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ।

ਸਿਹਤ ਮੰਤਰੀ ਨੇ 48 ਘੰਟਿਆਂ ’ਚ ਮੰਗੀ ਰਿਪੋਰਟ-
ਸਿਹਤ ਮੰਤਰੀ ਸਿਧਾਰਥ ਨਾਥ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਅਯੁੱਧਿਆ ਦੇ ਐੱਸ. ਡੀ. ਐੱਮ., ਆਈ. ਜੀ. ਪੁਲਸ ਅਤੇ ਆਬਕਾਰੀ ਵਿਭਾਗ ਦੇ ਕਮਿਸ਼ਨਰ ਦੀ ਟੀਮ ਬਣਾਈ ਗਈ ਹੈ, ਜੋ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰ ਕੇ 48 ਘੰਟਿਆਂ ਦੇ ਅੰਦਰ ਰਿਪੋਰਟ ਦੇਵੇਗੀ। ਟੀਮ ਇਸ ਗੱਲ ਦੀ ਜਾਂਚ ਕਰੇਗੀ ਕਿ ਕਿਤੇ ਇਸ ਘਟਨਾ ਦੇ ਪਿੱਛੇ ਕੋਈ ਸਿਆਸੀ ਸਾਜ਼ਿਸ਼ ਤਾਂ ਨਹੀਂ ਹੈ।


Iqbalkaur

Content Editor

Related News