DRI ਨੇ ਡੇਢ ਕਰੋੜ ਰੁਪਏ ਦਾ ਸੋਨਾ ਕੀਤਾ ਬਰਾਮਦ, 3 ਲੋਕ ਗ੍ਰਿਫ਼ਤਾਰ

03/27/2023 10:59:10 AM

ਕੋਲਕਾਤਾ (ਏਜੰਸੀ)- ਰੈਵੇਨਿਊ ਇੰਟੈਲੀਜੈਂਸ ਡਾਇਰੈਕਟਰ (ਡੀ.ਆਰ.ਆਈ.) ਨੇ ਦੇਰ ਰਾਤ ਕਾਰਵਾਈ 'ਚ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਦੇ ਮੁੱਖ ਸ਼ਹਿਰ ਸਿਲੀਗੜੀ ਤੋਂ ਤਸਕਰੀ ਕਰ ਕੇ ਲਿਆਂਦਾ ਗਿਆ 1.5 ਕਰੋੜ ਰੁਪਏ ਦਾ ਸੋਨਾ ਬਰਾਮਦ ਕੀਤਾ। ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਸ਼੍ਰੀ ਬੈਜੂ, ਮੁਰਾਰੀਲਾਲ ਸੋਨੀ ਅਤੇ ਸੋਨਪਾਲ ਸੈਨੀ ਵਜੋਂ ਹੋਈ ਹੈ। ਸੋਨੀ ਜਿੱਥੇ ਰਾਜਸਥਾਨ ਦੇ ਰਹਿਣ ਵਾਲਾ ਹੈ, ਉੱਥੇ ਹੀ ਸੈਨੀ ਅਤੇ ਬੈਜੂ ਮਥੁਰਾ ਰਹਿਣ ਵਾਲੇ ਹਨ। ਡੀ.ਆਰ.ਆਈ. ਦੇ ਇਕ ਸੂਤਰ ਨੇ ਦਾਅਵਾ ਕੀਤਾ ਕਿ ਜ਼ਬਤ ਕੀਤੇ ਗਏ ਸੋਨੇ ਦੇ ਬਿਸਕੁਟ ਦਾ ਅਨੁਮਾਨਤ ਬਜ਼ਾਰ ਮੁੱਲ 1.5 ਕਰੋੜ ਰੁਪਏ ਹੈ। ਪਤਾ ਲੱਗਾ ਹੈ ਕਿ ਡੀ.ਆਰ.ਆਈ. ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਤਸਕਰੀ ਕੀਤੇ ਗਏ ਸੋਨੇ ਦੇ  ਬਿਸਕੁਟ ਦੀ ਇਕ ਵੱਡੀ ਖੇਪ ਦੁਬਈ ਤੋਂ ਸਿਲੀਗੁੜੀ ਲਿਆਂਦੀ ਗਈ ਹੈ ਅਤੇ ਇਸ ਨੂੰ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ 'ਤੇ ਲਿਜਾਇਆ ਜਾਣਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਡੀ.ਆਰ.ਆਈ. ਦੀ ਟੀਮ ਨੇ ਐਤਵਾਰ ਰਾਤ ਸਿਲੀਗੁੜੀ ਦੇ ਬਾਹਰੀ ਇਲਾਕੇ 'ਚ ਬਾਗਡੋਗਰਾ ਹਵਾਈ ਅੱਡੇ ਵੱਲ ਜਾਣ ਵਾਲੇ ਇਕ ਮਹੱਤਵਪੂਰਨ ਕ੍ਰਾਸਿੰਗ ਤੋਂ ਇਕ ਚਾਰ ਪਹੀਆ ਵਾਹਨ ਰੋਕਿਆ। 

ਸੂਤਰਾਂ ਨੇ ਕਿਹਾ ਕਿ ਵਾਹਨ ਦੇ ਅੰਦਰੋਂ ਡੀ.ਆਰ.ਆਈ. ਦੇ ਲੋਕਾਂ ਨੇ 166 ਗ੍ਰਾਮ ਭਾਰ ਦੇ 23 ਸੋਨੇ ਦੇ ਬਿਸਕੁਟ ਬਰਾਮਦ ਕੀਤੇ। ਇਸ ਦੌਰਾਨ ਤਿੰਨ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ। ਤਿੰਨਾਂ ਨੇ ਪੁੱਛ-ਗਿੱਛ ਦੌਰਾਨ ਕਬੂਲ ਕੀਤਾ ਕਿ ਉਨ੍ਹਾਂ ਨੇ ਸਿਲੀਗੁੜੀ ਦੇ ਰਹਿਣ ਵਾਲੇ ਰਾਜਕੁਮਾਰ ਅਗਰਵਾਲ ਤੋਂ ਦੁਬਈ ਤੋਂ ਤਸਕਰੀ ਕਰ ਕੇ ਲਿਆਂਦਾ ਸੋਨਾ ਖਰੀਦਿਆ ਸੀ ਅਤੇ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਵਰਿੰਦਾਵਾਨ ਲਿਜਾਉਣਾ ਸੀ। ਪੁਲਸ ਨੇ ਸੋਮਵਾਰ ਸਵੇਰੇ ਅਗਰਵਾਲ ਦੇ ਘਰ ਛਾਪਾ ਮਾਰਿਆ, ਹਾਲਾਂਕਿ ਉਦੋਂ ਤੱਕ ਉਹ ਫਰਾਰ ਹੋ ਚੁੱਕਿਆ ਸੀ। ਉਸ ਦੇ ਘਰੋਂ 24.50 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਡੀ.ਆਰ.ਆਈ ਨੇ ਗ੍ਰਿਫ਼ਤਾਰ ਤਿੰਨਾਂ ਵਿਅਕਤੀਆਂ ਨੂੰ ਸਿਲੀਗੁੜੀ ਦੀ ਇਕ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੀ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ।


DIsha

Content Editor

Related News