DRI ਨੇ ਬਰਾਮਦ ਕੀਤੀ 80 ਕਰੋੜ ਰੁਪਏ ਦਾ ਸੋਨਾ ਤੇ 1.37 ਕਰੋੜ ਦੀ ਨਕਦੀ
Tuesday, Mar 18, 2025 - 04:41 PM (IST)

ਅਹਿਮਦਾਬਾਦ- ਗੁਜਰਾਤ ਦੇ ਅਹਿਮਦਾਬਾਦ 'ਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਰਾਜ ਦੇ ਅੱਤਵਾਦ ਵਿਰੋਧੀ ਦਸਤੇ (ਏਟੀਐੱਸ) ਨਾਲ ਸੰਯੁਕਤ ਕਾਰਵਾਈ 'ਚ 80 ਕਰੋੜ ਰੁਪਏ ਦਾ ਸੋਨਾ, 1.37 ਕਰੋੜ ਰੁਪਏ ਦੀ ਨਕਦੀ ਅਤੇ 11 ਲਗਜ਼ਰੀ ਘੜੀਆਂ ਜ਼ਬਤ ਕੀਤੀਆਂ ਹਨ। ਏਟੀਐੱਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਤਸਕਰੀ ਵਿਰੁੱਧ ਇਕ ਮਹੱਤਵਪੂਰਨ ਸਫ਼ਲਤਾ ਮਿਲੀ ਹੈ। ਗੁਜਰਾਤ ਏਟੀਐੱਸ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਡੀਆਰਆਈ ਅਧਿਕਾਰੀਆਂ ਨੇ ਏਟੀਐੱਸ ਅਧਿਕਾਰੀਆਂ ਨਾਲ ਮਿਲ ਕੇ ਸੋਮਵਾਰ ਨੂੰ ਅਹਿਮਦਾਬਾਦ ਦੇ ਪਾਲਡੀ 'ਚ ਇਕ ਰਿਹਾਇਸ਼ੀ ਫਲੈਟ ਦੀ ਤਲਾਸ਼ੀ ਲਈ। ਜਾਂਚ ਦੌਰਾਨ 87.92 ਕਿਲੋਗ੍ਰਾਮ ਸੋਨਾ ਮਿਲਿਆ, ਜਿਸ ਦੀ ਕੀਮਤ ਲਗਭਗ 80 ਕਰੋੜ ਰੁਪਏ ਹੈ। ਇਸ ਸੋਨੇ ਦੇ ਜ਼ਿਆਦਾਤਰ ਹਿੱਸੇ 'ਤੇ ਵਿਦੇਸ਼ੀ ਨਿਸ਼ਾਨ ਹਨ, ਜੋ ਦਰਸਾਉਂਦੇ ਹਨ ਕਿ ਇਸ ਨੂੰ ਭਾਰਤ 'ਚ ਤਸਕਰੀ ਕਰਕੇ ਲਿਆਂਦਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਜਾਂਚ 'ਚ ਕਈ ਹੋਰ ਵਸਤੂਆਂ ਵੀ ਜ਼ਬਤ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ 11 ਲਗਜ਼ਰੀ ਘੜੀਆਂ ਜਿਨ੍ਹਾਂ 'ਚ ਹੀਰੇ ਜੜ੍ਹੀ ਪਾਟੇਕ ਫਿਲਿਪ ਘੜੀ, ਜੈਕਬ ਐਂਡ ਕੰਪਨੀ ਘੜੀ ਅਤੇ ਫਰੈਂਕ ਮੁਲਰ ਘੜੀ ਸ਼ਾਮਲ ਹੈ। ਹੀਰੇ ਅਤੇ ਹੋਰ ਕੀਮਤੀ ਪੱਥਰਾਂ ਨਾਲ ਜੜੇ 19.66 ਕਿਲੋਗ੍ਰਾਮ ਦੇ ਗਹਿਣੇ। ਉਪਰੋਕਤ ਗਹਿਣਿਆਂ ਅਤੇ ਲਗਜ਼ਰੀ ਘੜੀਆਂ ਦਾ ਮੁਲਾਂਕਣ ਜਾਰੀ ਹੈ। ਇਸ ਤੋਂ ਇਲਾਵਾ, ਉਪਰੋਕਤ ਰਿਹਾਇਸ਼ੀ ਕੰਪਲੈਕਸ ਤੋਂ 1.37 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ,''ਇਹ ਜਾਂਚ ਗੈਰ-ਕਾਨੂੰਨੀ ਗਤੀਵਿਧੀਆਂ ਲਈ ਇਕ ਵੱਡਾ ਝਟਕਾ ਹੈ ਅਤੇ ਆਰਥਿਕ ਅਪਰਾਧਾਂ ਤੋਂ ਲੜਨ ਅਤੇ ਰਾਸ਼ਟਰ ਦੀ ਅਖੰਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਕਰਨ ਲਈ ਡੀਆਰਆਈ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੀ ਹੈ। ਫਿਲਹਾਲ ਅੱਗੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8