ਹਾਈਪਰਸੋਨਿਕ ਤਕਨੀਕ ਦੇ ਖੇਤਰ ’ਚ ਭਾਰਤ ਨੇ ਲਾਈ ਲੰਮੀ ਛਾਲ
Wednesday, Jan 22, 2025 - 11:05 AM (IST)
ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੀ ਹੈਦਰਾਬਾਦ ਸਥਿਤ ਰੱਖਿਆ ਖੋਜ ਅਤੇ ਵਿਕਾਸ ਪ੍ਰਯੋਗਸ਼ਾਲਾ (ਡੀ. ਆਰ. ਡੀ. ਐੱਲ.) ਨੇ ਲੰਮੀ ਮਿਆਦ ਦੀ ਸੁਪਰਸੋਨਿਕ ਕੰਬਸ਼ਨ ਰੈਮਜੈੱਟ ਜਾਂ ਸਕ੍ਰੈਮਜੈੱਟ ਸੰਚਾਲਿਤ ਹਾਈਪਰਸੋਨਿਕ ਤਕਨੀਕ ਵਿਕਸਿਤ ਕਰਨ ਦੀ ਪਹਿਲ ਦੇ ਤਹਿਤ ਸਕ੍ਰੈਮਜੈੱਟ ਇੰਜਣ ਦਾ ਸਫਲ ਪ੍ਰੀਖਣ ਕੀਤਾ ਹੈ। ਇਨ੍ਹਾਂ ਉੱਨਤ ਹਥਿਆਰਾਂ ਵਿਚ ਮੌਜੂਦਾ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਬਾਈਪਾਸ ਕਰਨ ਅਤੇ ਤੇਜ਼ ਅਤੇ ਉੱਚ-ਪ੍ਰਭਾਵ ਵਾਲੇ ਹਮਲੇ ਕਰਨ ਦੀ ਸਮਰੱਥਾ ਹੈ।
ਰੱਖਿਆ ਮੰਤਰਾਲਾ ਨੇ ਦੱਸਿਆ ਕਿ ਸਫਲ ਗਰਾਊਂਡ ਪ੍ਰੀਖਣ ਕਰ ਕੇ ਭਾਰਤ ਨੇ ਹਾਈਪਰਸੋਨਿਕ ਮਿਸ਼ਨਾਂ ਦੇ ਖੇਤਰ ’ਚ ਲੰਮੀ ਛਾਲ ਲਾਈ ਹੈ। ਹਾਈਪਰਸੋਨਿਕ ਮਿਜ਼ਾਈਲਾਂ ਉੱਨਤ ਹਥਿਆਰਾਂ ਦੀ ਇਕ ਸ਼੍ਰੇਣੀ ਹੈ, ਜੋ ਮੈਕ-5 ਤੋਂ ਜ਼ਿਆਦਾ ਰਫ਼ਤਾਰ ਭਾਵ ਆਵਾਜ਼ ਦੀ ਰਫ਼ਤਾਰ ਤੋਂ 5 ਗੁਣਾ ਜਾਂ 5400 ਕਿ. ਮੀ. ਪ੍ਰਤੀ ਘੰਟਾ ਤੋਂ ਜ਼ਿਆਦਾ ਰਫਤਾਰ ਨਾਲ ਚੱਲਦੀਆਂ ਹਨ। ਮੰਤਰਾਲੇ ਨੇ ਅੱਗੇ ਕਿਹਾ ਕਿ ਸਫਲ ਜ਼ਮੀਨੀ ਟੈਸਟ "ਅਗਲੀ ਪੀੜ੍ਹੀ ਦੀਆਂ ਹਾਈਪਰਸੋਨਿਕ ਮਿਜ਼ਾਈਲਾਂ ਨੂੰ ਵਿਕਸਿਤ ਕਰਨ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ। ਮੰਤਰਾਲੇ ਨੇ ਕਿਹਾ ਕਿ ਅਮਰੀਕਾ, ਰੂਸ, ਭਾਰਤ ਅਤੇ ਚੀਨ ਸਮੇਤ ਕਈ ਦੇਸ਼ ਹਾਈਪਰਸੋਨਿਕ ਤਕਨਾਲੋਜੀ ਨੂੰ ਸਰਗਰਮੀ ਨਾਲ ਅਪਣਾ ਰਹੇ ਹਨ।