ਦ੍ਰੌਪਦੀ ਮੁਰਮੂ ਭਲਕੇ ਚੁੱਕੇਗੀ ਰਾਸ਼ਟਰਪਤੀ ਅਹੁਦੇ ਦੀ ਸਹੁੰ, 21 ਤੋਪਾਂ ਦੀ ਦਿੱਤੀ ਜਾਵੇਗੀ ਸਲਾਮੀ
Sunday, Jul 24, 2022 - 11:45 AM (IST)
ਨਵੀਂ ਦਿੱਲੀ– ਨਵੀਂ ਚੁਣੀ ਗਈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸੋਮਵਾਰ ਯਾਨੀ ਕਿ ਭਲਕੇ ਦੇਸ਼ ਦੇ ਸਰਵਉੱਚ ਸੰਵਿਧਾਨਕ ਅਹੁਦੇ ਦੀ ਸਹੁੰ ਚੁੱਕੇਗੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਸਮਾਰੋਹ ਸੋਮਵਾਰ ਸਵੇਰੇ ਕਰੀਬ ਸਵਾ 10 ਵਜੇ ਸੰਸਦ ਦੇ ਕੇਂਦਰੀ ਹਾਲ ’ਚ ਹੋਵੇਗਾ, ਜਿੱਥੇ ਚੀਫ਼ ਜਸਟਿਸ ਐੱਨ. ਵੀ. ਰਮਨਾ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁਕਾਉਣਗੇ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਕੇਂਦਰ ਨੇ ਫਲੈਗ ਕੋਡ ’ਚ ਕੀਤਾ ਵੱਡਾ ਬਦਲਾਅ; ਹੁਣ ਦਿਨ-ਰਾਤ ਲਹਿਰਾਇਆ ਜਾ ਸਕੇਗਾ ਤਿਰੰਗਾ
PM ਮੋਦੀ ਸਮੇਤ ਇਹ ਮੰਤਰੀ ਸਮਾਗਮ ’ਚ ਹੋਣਗੇ ਸ਼ਾਮਲ
ਇਸ ਤੋਂ ਬਾਅਦ ਰਾਸ਼ਟਰਪਤੀ ਦਾ ਸੰਬੋਧਨ ਹੋਵੇਗਾ। ਸਮਾਗਮ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਚੁਣੇ ਗਈ ਰਾਸ਼ਟਰਪਤੀ ਮੁਰਮੂ ਸੰਸਦ ਵਿਚ ਪਹੁੰਚਣਗੇ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਮੰਤਰੀ ਪ੍ਰੀਸ਼ਦ ਦੇ ਮੈਂਬਰ, ਰਾਜਪਾਲ, ਮੁੱਖ ਮੰਤਰੀ, ਕੂਟਨੀਤਕ ਮਿਸ਼ਨਾਂ ਦੇ ਮੁਖੀ, ਸੰਸਦ ਦੇ ਮੈਂਬਰ ਅਤੇ ਸਰਕਾਰ ਦੇ ਮੁਖੀ, ਸਿਵਲ ਅਤੇ ਫੌਜੀ ਅਧਿਕਾਰੀ, ਸਮਾਰੋਹ ’ਚ ਸ਼ਾਮਲ ਹੋਣਗੇ। ਸੰਸਦ ਦੇ ਕੇਂਦਰੀ ਹਾਲ ਵਿਚ ਸਮਾਰੋਹ ਦੀ ਸਮਾਪਤੀ 'ਤੇ ਰਾਸ਼ਟਰਪਤੀ 'ਰਾਸ਼ਟਰਪਤੀ ਭਵਨ' ਵੱਲ ਰਵਾਨਾ ਹੋਵੇਗੀ, ਜਿੱਥੇ ਉਨ੍ਹਾਂ ਨੂੰ 'ਇੰਟਰ-ਸਰਵਿਸ ਗਾਰਡ ਆਫ਼ ਆਨਰ' ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਨਵ-ਨਿਯੁਕਤ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਜੀਵਨ ਦੇ ਅਣਛੂਹੇ ਪਹਿਲੂ
ਮੁਰਮੂ ਨੇ ਯਸ਼ਵੰਤ ਸਿਨਹਾ ਨੂੰ ਹਰਾ ਕੇ ਰਚਿਆ ਇਤਿਹਾਸ-
ਦੱਸਣਯੋਗ ਹੈ ਕਿ 64 ਸਾਲਾ ਦ੍ਰੌਪਦੀ ਮੁਰਮੂ ਨੇ ਵੀਰਵਾਰ ਨੂੰ ਵਿਰੋਧੀ ਪਾਰਟੀਆਂ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ। ਮੁਰਮੂ ਨੇ ਵੋਟਰਾਂ ਸਮੇਤ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀਆਂ 64 ਫੀਸਦੀ ਤੋਂ ਵੱਧ ਜਾਇਜ਼ ਵੋਟਾਂ ਹਾਸਲ ਕੀਤੀਆਂ ਅਤੇ ਵੋਟਾਂ ਦੇ ਵੱਡੇ ਫਰਕ ਨਾਲ ਚੋਣ ਜਿੱਤੀ। ਉਹ ਦੇਸ਼ ਦੀ 15ਵੀਂ ਰਾਸ਼ਟਰਪਤੀ ਬਣੇਗੀ। ਮੁਰਮੂ ਨੂੰ 6,76,803 ਵੋਟਾਂ ਮਿਲੀਆਂ ਜਦਕਿ ਸਿਨਹਾ ਨੂੰ 3,80,177 ਵੋਟਾਂ ਮਿਲੀਆਂ। ਉਹ ਚੋਟੀ ਦੇ ਅਹੁਦੇ 'ਤੇ ਕਾਬਜ਼ ਹੋਣ ਵਾਲੀ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਹੋਵੇਗੀ। ਉਹ ਰਾਸ਼ਟਰਪਤੀ ਬਣਨ ਵਾਲੀ ਦੂਜੀ ਮਹਿਲਾ ਵੀ ਹੈ।
ਇਹ ਵੀ ਪੜ੍ਹੋ- Breaking : ਦ੍ਰੌਪਦੀ ਮੁਰਮੂ ਭਾਰਤ ਦੀ ਪਹਿਲੀ ਮਹਿਲਾ ਆਦਿਵਾਸੀ ਰਾਸ਼ਟਰਪਤੀ ਬਣੀ, ਯਸ਼ਵੰਤ ਸਿਨਹਾ ਨੂੰ ਹਰਾਇਆ