ਨੈਸ਼ਨਲ ਟੀਚਰ ਐਵਾਰਡ ਨਾਲ ਸਨਮਾਨਿਤ ਹੋਏ 82 ਅਧਿਆਪਕ
Thursday, Sep 05, 2024 - 11:27 PM (IST)
ਨਵੀਂ ਦਿੱਲੀ, (ਭਾਸ਼ਾ)- ਹੈਪੀਨੈੱਸ ਲੈਬ, ਘਰ ਆਧਾਰਿਤ ਸਿੱਖਿਆ ਟੂਰ, ਬਾਲ ਵਿਆਹ ਦੀ ਰੋਕਥਾਮ ਅਤੇ ਰੀਸਾਈਕਲ ਸਮੱਗਰੀ ਨਾਲ ਬਣੀਆਂ ਆਟੋਮੈਟਿਕ ਸਕੂਲ ਘੰਟੀਆਂ ਉਨ੍ਹਾਂ ਪ੍ਰਾਪਤੀਆਂ ’ਚ ਸ਼ਾਮਲ ਹਨ, ਜਿਨ੍ਹਾਂ ਲਈ ਦੇਸ਼ ਭਰ ਦੇ 82 ਅਧਿਆਪਕਾਂ ਨੂੰ ਨੈਸ਼ਨਲ ਟੀਚਰ ਐਵਾਰਡ ਮਿਲਿਆ ਹੈ।
ਇਹ ਐਵਾਰਡ ਵੀਰਵਾਰ ਨੂੰ ਇੱਥੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਪ੍ਰਦਾਨ ਕੀਤੇ ਗਏ। ਦੱਖਣੀ ਗੋਆ ਦੇ ਸੱਤਿਆਵਤੀ ਸੋਈਰੂ ਐਂਗਲ ਹਾਇਰ ਸੈਕੰਡਰੀ ਸਕੂਲ ’ਚ ਅਧਿਆਪਕਾ ਚੰਦਰਲੇਖਾ ਦਾਮੋਦਰ ਮੇਸਤਰੀ ਨੂੰ ਵਿਦਿਆਰਥੀਆਂ ਦਰਮਿਆਨ ਭਾਸ਼ਾ ਦੇ ਪਾੜੇ ਨੂੰ ਖਤਮ ਕਰਨ, ਮਹਾਰਾਸ਼ਟਰ ਦੇ ਕੋਹਲਾਪੁਰ ਸਥਿਤ ਸਾਊ ਐੱਸ. ਐਮ. ਲੋਹੀਆ ਹਾਈ ਸਕੂਲ ਅਤੇ ਜੂਨੀਅਰ ਕਾਲਜ ਦੇ ਅਧਿਆਪਕ ਸਾਗਰ ਚਿਤਰੰਜਨ ਬਾਗੜੇ ਨੂੰ ਅਨਾਥਾਂ, ਆਦਿਵਾਸੀਆਂ, ਐੱਚ. ਆਈ. ਵੀ. ਪੀੜਤਾਂ ਦੀ ਸੇਵਾ ਲਈ ਸਨਮਾਨਿਤ ਕੀਤਾ ਗਿਆ।
ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੀ ਕੇ. ਸੁਮਾ ਨੂੰ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ’ਚ ਸੁਧਾਰ ਅਤੇ ਦਾਖਲਾ ਵਧਾਉਣ ਲਈ ਉਨ੍ਹਾਂ ਦੇ ਸਮਰਪਣ ਲਈ ਇਹ ਪੁਰਸਕਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਿਹਾਰ ਦੇ ਮਧੂਬਨੀ ਸਥਿਤ ਸ਼ਿਵ ਗੰਗਾ ਗਰਲਜ਼ ਪਲੱਲ ਟੂ ਹਾਈ ਸਕੂਲ ਦੀ ਮੀਨਾਕਸ਼ੀ ਕੁਮਾਰੀ, ਰਾਜਸਥਾਨ ਦੇ ਸਰਕਾਰੀ ਸਕੂਲ ਦੇ ਅਧਿਆਪਕ ਹੁਕਮ ਚੰਦ ਚੌਧਰੀ ਨੂੰ ਵੀ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।