ਡਾ. ਯੋਗਿਤਾ ਗੌਤਮ ਹੱਤਿਆ ਮਾਮਲੇ 'ਚ ਖੁਲਾਸਾ, ਦੋਸ਼ੀ ਡਾਕਟਰ ਨੇ 'ਖੌਫਨਾਕ' ਤਰੀਕੇ ਨਾਲ ਕੀਤੀ ਹੱਤਿਆ

08/20/2020 11:43:12 PM

ਆਗਰਾ - ਆਗਰਾ ਦੇ ਸਰੋਜਿਨੀ ਨਾਇਡੂ ਮੈਡੀਕਲ ਕਾਲਜ (ਐੱਸ.ਐੱਨ.ਐੱਮ.ਸੀ.) ਦੀ ਜੂਨੀਅਰ ਡਾ. ਯੋਗਿਤਾ ਗੌਤਮ ਦੀ ਹੱਤਿਆ ਬੇਰਹਿਮੀ ਨਾਲ ਹੋਈ ਸੀ। ਪੋਸਟਮਾਰਟਮ ਰਿਪੋਰਟ 'ਚ ਇਸ ਦਾ ਖੁਲਾਸਾ ਹੋਇਆ ਹੈ। ਵੀਰਵਾਰ ਨੂੰ ਚਾਰ ਡਾਕਟਰਾਂ ਦੇ ਪੈਨਲ ਨੇ ਯੋਗਿਤਾ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਇਸ ਦੀ ਵੀਡੀਓਗ੍ਰਾਫੀ ਵੀ ਹੋਈ। ਹੱਤਿਆ ਦਾ ਦੋਸ਼ੀ ਡਾਕਟਰ ਵਿਵੇਕ ਤੀਵਾਰੀ ਨੇ ਯੋਗਿਤਾ ਨੂੰ ਤਿੰਨ ਗੋਲੀਆਂ ਮਾਰੀਆਂ ਸਨ। ਇੱਕ ਸਿਰ ਅਤੇ ਦੋ ਗੋਲੀ ਛਾਤੀ 'ਚ ਲੱਗੀ। ਇਸ ਤੋਂ ਬਾਅਦ ਗੋਲੀ ਨਾਲ ਹੋਏ ਜ਼ਖ਼ਮ 'ਚ ਕਈ ਵਾਰ ਚਾਕੂ ਨਾਲ ਹਮਲਾ ਕੀਤਾ।
 
ਦਿੱਲੀ ਦੇ ਨਜ਼ਫਗੜ੍ਹ ਇਲਾਕੇ ਦੀ ਰਹਿਣ ਵਾਲੀ 26 ਸਾਲਾ ਡਾ. ਯੋਗਿਤਾ ਗੌਤਮ ਆਗਰਾ ਦੇ ਐੱਸ.ਐੱਨ. ਮੈਡੀਕਲ ਕਾਲਜ 'ਚ ਪੀ.ਜੀ. ਦੀ ਵਿਦਿਆਰਥਣ ਸਨ। ਬੁੱਧਵਾਰ ਦੀ ਸਵੇਰੇ ਡੌਕੀ ਥਾਣਾ ਖੇਤਰ 'ਚ ਉਨ੍ਹਾਂ ਦੀ ਲਾਸ਼ ਮਿਲੀ ਸੀ। ਸ਼ਾਮ ਨੂੰ ਪਛਾਣ ਹੋਣ 'ਤੇ ਮ੍ਰਿਤਕਾ ਦੇ ਭਰਾ ਡਾਕਟਰ ਮੋਹਿੰਦਰ ਕੁਮਾਰ ਗੌਤਮ ਨੇ ਉਰਈ 'ਚ ਮੈਡੀਕਲ ਅਫਸਰ ਡਾ. ਵਿਵੇਕ ਤੀਵਾਰੀ ਖਿਲਾਫ ਅਗਵਾਹ ਅਤੇ ਹੱਤਿਆ ਦਾ ਮੁਕੱਦਮਾ ਦਰਜ ਕਰਵਾਇਆ। ਪੁਲਸ ਨੇ ਦੇਰ ਰਾਤ ਦੋਸ਼ੀ ਡਾਕਟਰ ਵਿਵੇਕ ਤੀਵਾਰੀ ਨੂੰ ਗ੍ਰਿਫਤਾਰ ਕਰ ਲਿਆ। ਉਹ ਕਾਨਪੁਰ ਦੇ ਕਿਦਵਈ ਨਗਰ ਦਾ ਰਹਿਣ ਵਾਲਾ ਹੈ।

ਜੂਨੀਅਰ ਡਾਕਟਰ ਯੋਗਿਤਾ ਗੌਤਮ ਦੀ ਜਾਨ ਲੈਣ ਲਈ ਦੋਸ਼ੀ ਡਾ. ਵਿਵੇਕ ਤੀਵਾਰੀ ਪੂਰੀ ਤਿਆਰੀ ਨਾਲ ਆਇਆ ਸੀ। ਉਸ ਨੇ ਆਖਰੀ ਵਾਰ ਮਿਲਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਕਾਰ 'ਚ ਬਿਠਾ ਕੇ ਲੈ ਗਿਆ। ਕਾਰ 'ਚ ਲੜਾਈ ਹੋਣ 'ਤੇ ਗਲਾ ਦਬਾਇਆ। ਯੋਗਿਤਾ ਦੇ ਰੌਲਾ ਪਾਉਣ 'ਤੇ ਰਿਵਾਲਵਰ ਨਾਲ ਸਿਰ 'ਚ ਗੋਲੀ ਮਾਰ ਦਿੱਤੀ ਅਤੇ ਫਿਰ ਛਾਤੀ 'ਚ। ਇਸ ਤੋਂ ਬਾਅਦ ਚਾਕੂ ਨਾਲ ਵੀ ਹਮਲਾ ਕੀਤਾ। ਯੋਗਿਤਾ ਦੀ ਮੌਤ ਤੋਂ ਬਾਅਦ ਲਾਸ਼ ਨੂੰ ਸੁੱਟ ਕੇ ਲੱਕੜ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਪਰ ਬੱਚਿਆਂ ਦੇ ਆਉਣ 'ਤੇ ਭੱਜ ਗਿਆ। ਪੁਲਸ ਦੀ ਪੁੱਛਗਿੱਛ 'ਚ ਦੋਸ਼ੀ ਵਿਵੇਕ ਤੀਵਾਰੀ ਤੋਂ ਇਹ ਪਤਾ ਲੱਗਾ ਹੈ।

ਡਾ. ਵਿਵੇਕ ਤੀਵਾਰੀ ਅਤੇ ਦਿੱਲੀ ਦੀ ਸ਼ਿਵਪੁਰੀ ਕਲੋਨੀ ਪਾਰਟ ਦੇ ਨਿਵਾਸੀ ਡਾ. ਯੋਗਿਤਾ ਦੀ ਮੁਲਾਕਾਤ ਸਾਲ 2009 'ਚ ਮੁਰਾਦਾਬਾਦ ਦੇ ਤੀਰਥੰਕਰ ਮੈਡੀਕਲ ਕਾਲਜ 'ਚ ਹੋਈ ਸੀ। ਵਿਵੇਕ ਇੱਕ ਸਾਲ ਸੀਨੀਅਰ ਸੀ। ਦੋਨਾਂ ਦੀ ਦੋਸਤੀ ਤੋਂ ਬਾਅਦ ਗੱਲਬਾਤ ਸ਼ੁਰੂ ਹੋ ਗਈ। ਪੁਲਸ ਦੀ ਪੁੱਛਗਿੱਛ 'ਚ ਦੋਸ਼ੀ ਵਿਵੇਕ ਤੀਵਾਰੀ ਨੇ ਦੱਸਿਆ ਕਿ ਉਹ ਉਰਈ 'ਚ ਮੈਡੀਕਲ ਅਫਸਰ ਹੈ। ਉਹ ਯੋਗਿਤਾ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਪਹਿਲਾਂ ਉਸ ਨੂੰ ਭੈਣ ਨੇਹਾ ਦਾ ਵਿਆਹ ਕਰਨਾ ਸੀ। ਇਸ ਲਈ ਯੋਗਿਤਾ ਤੋਂ ਕੁੱਝ ਦਿਨ ਇੰਤਜਾਰ ਕਰਨ ਲਈ ਕਹਿ ਰਿਹਾ ਸੀ। ਪਰ ਯੋਗਿਤਾ ਛੇਤੀ ਹੀ ਵਿਆਹ ਕਰਨਾ ਚਾਹੁੰਦੀ ਸੀ।

ਡਾਕਟਰ ਯੋਗਿਤਾ ਗੌਤਮ ਦੀ ਲਾਸ਼ ਦਾ ਪੋਸਟਮਾਰਟਮ ਵੀਰਵਾਰ ਨੂੰ ਤਿੰਨ ਡਾਕਟਰਾਂ ਦੇ ਪੈਨਲ ਨੇ ਕੀਤਾ। ਡਾ. ਯੋਗਿਤਾ ਦੇ ਹੱਥਾਂ ਤੋਂ ਬਾਲ ਵੀ ਮਿਲੇ ਸਨ। ਇਹ ਬਾਲ ਦੋਸ਼ੀ ਡਾ. ਵਿਵੇਕ ਦੇ ਹੋ ਸਕਦੇ ਹਨ। ਸ਼ੱਕ ਹੈ ਕਿ ਜਾਨ ਬਚਾਉਣ ਲਈ ਯੋਗਿਤਾ ਨੇ ਸੰਘਰਸ਼ ਕੀਤਾ ਸੀ। ਇਨ੍ਹਾਂ ਵਾਲਾਂ ਨੂੰ ਹੁਣ ਫੋਰੈਂਸਿਕ ਸਾਇੰਸ ਲੈਬਾਰਟਰੀ ਭੇਜਿਆ ਜਾਵੇਗਾ। ਯੋਗਿਤਾ ਦੇ ਨਹੁੰਆਂ ਨੂੰ ਵੀ ਲੈਬ ਭੇਜਣਗੇ। ਸਲਾਇਡ ਵੀ ਬਣਾਈ ਗਈ ਹੈ। ਤਿੰਨ ਮੈਂਬਰੀ ਪੈਨਲ 'ਚ ਡਾ. ਰਿਚਾ ਗੁਪਤਾ, ਡਾ. ਅਨੁਜ ਗਾਂਧੀ ਅਤੇ ਡਾ. ਸੁਨੀਲ ਯਾਦਵ ਸ਼ਾਮਲ ਸਨ। ਇਸ ਦੀ ਵੀਡੀਓਗ੍ਰਾਫੀ ਕਰਵਾਈ ਗਈ। ਸ਼ਾਮ ਨੂੰ ਪੋਸਟਮਾਰਟਮ ਤੋਂ ਬਾਅਦ ਪੁਲਸ ਨੇ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ। ਪਰਿਵਾਰਕ ਮੈਂਬਰ ਲਾਸ਼ ਨੂੰ ਦਿੱਲੀ ਆਪਣੇ ਘਰ ਲੈ ਗਏ।


Inder Prajapati

Content Editor

Related News