ਡਾ. ਉਮਰ ਦੇਸ਼ ਦਾ ਤੀਜਾ ਆਤਮਘਾਤੀ ਹਮਲਾਵਰ, ਏਜੰਸੀਆਂ ’ਚ ਭੜਥੂ

Thursday, Nov 20, 2025 - 12:06 AM (IST)

ਡਾ. ਉਮਰ ਦੇਸ਼ ਦਾ ਤੀਜਾ ਆਤਮਘਾਤੀ ਹਮਲਾਵਰ, ਏਜੰਸੀਆਂ ’ਚ ਭੜਥੂ

ਨੈਸ਼ਨਲ ਡੈਸਕ- ਦਿੱਲੀ ਦੇ ਲਾਲ ਕਿਲੇ ਨੇੜੇ 10 ਨਵੰਬਰ ਨੂੰ ਹੋਏ ਅੱਤਵਾਦੀ ਹਮਲੇ ਨੇ ਸੁਰੱਖਿਆ ਤੇ ਖੁਫੀਆ ਏਜੰਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਾਲਾਂਕਿ, ਇਕ ਵੱਡੀ ਤਬਾਹੀ ਟਲ ਗਈ ਕਿਉਂਕਿ ‘ਡਾਕਟਰ-ਅੱਤਵਾਦੀ ਨੈੱਟਵਰਕ’ ਦੀ 6 ਦਸੰਬਰ ਨੂੰ ਕਈ ਧਮਾਕੇ ਕਰਨ ਦੀ ਯੋਜਨਾ ਨਾਕਾਮ ਹੋ ਗਈ। ਡਾ. ਉਮਰ ਨਬੀ ਭਾਰਤ ’ਚ ਤੀਜਾ ਆਤਮਘਾਤੀ ਹਮਲਾਵਰ ਸੀ।

ਇਸ ਤਰ੍ਹਾਂ ਦੀ ਪਹਿਲੀ ਘਟਨਾ 2019 ’ਚ ਪੁਲਵਾਮਾ (ਜੰਮੂ ਕਸ਼ਮੀਰ) ’ਚ ਵਾਪਰੀ ਸੀ, ਜਦੋਂ ਧਮਾਕਖੇਜ਼ ਸਮੱਗਰੀ ਨਾਲ ਭਰੀ ਇਕ ਵੈਨ ਨੂੰ ਇਕ ਆਤਮਘਾਤੀ ਹਮਲਾਵਰ ਨੇ ਫੌਜੀ ਜਵਾਨਾਂ ਦੀ ਬੱਸ ’ਚ ਮਾਰ ਦਿੱਤਾ ਸੀ ਜਿਸ ਕਾਰਨ 40 ਜਵਾਨ ਸ਼ਹੀਦ ਹੋ ਗਏ ਸਨ।

ਤਿੰਨ ਸਾਲ ਬਾਅਦ ਅਕਤੂਬਰ 2022 ’ਚ ਤਾਮਿਲਨਾਡੂ ਦੇ ਕੋਇੰਬਟੂਰ ’ਚ ਪੋਟਾਸ਼ੀਅਮ ਨਾਈਟ੍ਰੇਟ ਨਾਲ ਭਰੀ ਇਕ ਕਾਰ ’ਚ ਧਮਾਕਾ ਹੋਇਆ ਸੀ ਜਿਸ ਕਾਰਨ ਇਕ ਡਰਾਈਵਰ ਦੀ ਮੌਤ ਹੋ ਗਈ ਸੀ। ਉਸ ਦੀ ਪਛਾਣ ਬਾਅਦ ’ਚ ਜਮੀਸ਼ਾ ਮੁਬੀਨ ਵਜੋਂ ਹੋਈ ਜੋ ਅੱਤਵਾਦੀ ਗਰੁੱਪ ਇਸਲਾਮਿਕ ਸਟੇਟ ਦਾ ਮੈਂਬਰ ਸੀ। ਰਾਸ਼ਟਰੀ ਜਾਂਚ ਏਜੰਸੀ ਨੇ ਮਾਮਲੇ ਦੀ ਜਾਂਚ ਕੀਤੀ ਤੇ ਮੁਬੀਨ ਦੇ ਘਰੋਂ 75 ਕਿਲੋ ਪੋਟਾਸ਼ੀਅਮ ਨਾਈਟ੍ਰੇਟ, ਐਲੂਮੀਨੀਅਮ ਪਾਊਡਰ, ਸਲਫਰ ਆਦਿ ਬਰਾਮਦ ਕੀਤੇ। ਮਾਮਲਾ ਇੱਥੇ ਹੀ ਖਤਮ ਹੋ ਗਿਆ।

ਹੁਣ ਤਿੰਨ ਸਾਲ ਬਾਅਦ ਨਵੰਬਰ 2025 ’ਚ ਲਾਲ ਕਿਲੇ ਨੇੜੇ ਇਕ ਕਾਰ ਦੇ ਪਿਛਲੇ ਹਿੱਸੇ ’ਚ ਪੈਕ ਕੀਤੇ ਗਏ ਅਮੋਨੀਅਮ ਨਾਈਟ੍ਰੇਟ ਦਾ ਧਮਾਕਾ ਹੋ ਗਿਆ। ਇਹ ਇਕ ਨਵੇਂ ਢੰਗ ਦਾ ਹਥਿਆਰ ਹੈ। ਕਾਰ ਰਾਹੀਂ ਆਈ. ਈ. ਡੀ. ਦਾ ਧਮਾਕਾ ਕੀਤਾ ਗਿਆ ਜੋ ਕਿ ਸਮੂਹਿਕ ਤਬਾਹੀ ਦੇ ਸਭ ਤੋਂ ਖਤਰਨਾਕ ਹਥਿਆਰਾਂ ’ਚੋਂ ਇਕ ਹੈ। ਇਸ ਦੀ ਵਰਤੋਂ ਕਰਦੇ ਹੋਏ ਹਮਲਾਵਰ ਨੇ ਡੈਟੋਨੇਟਰ ਨੂੰ ਆਪਣੇ ਬੂਟਾਂ ’ਚ ਫਿੱਟ ਕੀਤਾ ਸੀ। ਆਤਮਘਾਤੀ ਹਮਲਾਵਰ ਡਾ. ਉਮਰ ਨੇ ਘਟਨਾ ਤੋਂ ਪਹਿਲਾਂ ਇਕ ਵੀਡੀਓ ਵੀ ਰਿਕਾਰਡ ਕੀਤੀ ਸੀ।

ਜਾਂਚ ਤੋਂ ਪਤਾ ਲੱਗਾ ਕਿ ਡਾ. ਉਮਰ ਇਕੱਲਾ ਨਹੀਂ ਸੀ, ਸਗੋਂ 10-12 ਵਿਅਕਤੀਆਂ ਦੇ ਗਰੁੱਪ ਦਾ ਹਿੱਸਾ ਸੀ।ਏਜੰਸੀਆਂ ਹੈਰਾਨ ਹਨ ਕਿ ਇਹ ਗਰੁੱਪ ਲਗਭਗ ਦੋ ਸਾਲਾਂ ਤੋਂ ਸਰਗਰਮ ਸੀ ਪਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਇਸ ’ਚ ਕੋਈ ਸ਼ੱਕ ਨਹੀਂ ਕਿ ਇਹ ਮਾਡਿਊਲ ਪਾਕਿਸਤਾਨ ਆਧਾਰਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਸੀ, ਜੋ ਮਦਰੱਸਿਆਂ ਤੇ ਮੌਲਵੀਆਂ ਤੋਂ ਸੰਚਾਲਿਤ ਹੁੰਦਾ ਹੈ। ਹਰਿਆਣਾ, ਉੱਤਰ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਕਈ ਇਸਲਾਮੀ ਮੌਲਵੀ ਉਨ੍ਹਾਂ ਨੂੰ ਕੱਟੜਪੰਥੀ ਬਣਾ ਰਹੇ ਸਨ। ਸੁਰੱਖਿਆ ਅਦਾਰੇ ਚਿੰਤਤ ਹਨ ਕਿ ਇਹ ਸ਼ਹਿਰੀ ਕੱਟੜਪੰਥੀ ਗਰੁੱਪ ਕੁਝ ਭਾਈਚਾਰੇ ਦੇ ਮੈਂਬਰਾਂ ਦੀ ਚੁੱਪਚਾਪ ਹਮਾਇਤ ਨਾਲ ਕੰਮ ਕਰ ਰਿਹਾ ਸੀ।


author

Rakesh

Content Editor

Related News