ਜਲੰਧਰ ਦੇ ਡਾ. ਸਮਰਾ ਵਲੋਂ ਚੜ੍ਹਾਏ ਸਿਰੀ ਸਾਹਿਬ ਤੇ ਪੀੜ੍ਹਾ ਸਾਹਿਬ ਵਿਵਾਦਾਂ ਦੇ ਘੇਰੇ ’ਚ

Wednesday, Jul 27, 2022 - 03:01 PM (IST)

ਪਟਨਾ ਸਾਹਿਬ (ਵਿਸ਼ੇਸ਼)– ਜਲੰਧਰ ਦੇ ਰਹਿਣ ਵਾਲੇ ਡਾ. ਗੁਰਬਿੰਦਰ ਸਿੰਘ ਸਮਰਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ’ਚ ਕਰੋੜਾਂ ਰੁਪਏ ਦੀ ਭੇਟਾ ਚੜ੍ਹਾਈ ਸੀ। ਇਹ ਭੇਟਾ ਉਦੋਂ ਤੋਂ ਲੈ ਕੇ ਹੁਣ ਤੱਕ ਵਿਵਾਦਾਂ ’ਚ ਘਿਰੀ ਹੈ। ਤਖ਼ਤ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਵੱਲੋਂ ਬਣਾਈ ਗਈ 3 ਮੈਂਬਰੀ ਜਾਂਚ ਕਮੇਟੀ ਨੇ ਭੇਟ ਕੀਤੀਆਂ ਵਸਤਾਂ ਦੀ ਜਾਂਚ ਕੀਤੀ, ਜਿਸ ’ਚ ਇਕ ਸਾਮਾਨ ’ਚ ਸੋਨਾ ਸਹੀ ਪਾਇਆ ਗਿਆ ਪਰ ਬਾਕੀ 2 ’ਚ ਦੱਸੀ ਗਈ ਕੀਮਤ ਤੋਂ ਉਲਟ ਸੋਨਾ ਨਾਂਹ ਦੇ ਬਰਾਬਰ ਪਾਇਆ ਗਿਆ ਹੈ।

ਚੜਾਵੇ ’ਚ ਸੋਨਾ ਨਾਂਹ ਦੇ ਬਰਾਬਰ, ਐੱਫ. ਆਈ. ਆਰ. ਦਰਜ ਕਰਨ ਦੀ ਮੰਗ
ਇਸ ਨੂੰ ਲੈ ਕੇ ਪ੍ਰੈੱਸ ਕਾਨਫਰੈਂਸ ’ਚ ਤਖ਼ਤ ਸਾਹਿਬ ਦੇ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਮੈਂਬਰ ਮਹਿੰਦਰ ਪਾਲ ਸਿੰਘ ਢਿੱਲੋਂ, ਰਾਜਾ ਸਿੰਘ ਅਤੇ ਹਰਪਾਲ ਸਿੰਘ ਜੌਹਲ ਨੇ ਪ੍ਰਧਾਨ ਨੂੰ ਅਸਲੀ ਸੋਨਾ ਗਾਇਬ ਕਰ ਕੇ ਨਕਲੀ ਸੋਨਾ ਰੱਖਣ ਦੇ ਬਦਲੇ ਐੱਫ. ਆਈ. ਆਰ. ਦਰਜ ਕਰਾਉਣ ਅਤੇ ਉਕਤ ਦੋਸ਼ੀ ’ਤੇ ਸਖਤ ਕਾਨੂੰਨੀ, ਪ੍ਰਬੰਧਕੀ ਤੇ ਧਾਰਮਿਕ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਸ. ਢਿੱਲੋਂ ਨੇ ਦੱਸਿਆ ਕਿ ਤਖ਼ਤ ਸਾਹਿਬ ’ਚ ਡਾ. ਸਮਰਾ ਵੱਲੋਂ ਚੜ੍ਹਾਏ ਗਏ ਸੋਨੇ ਦੇ ਸਾਮਾਨ ਦੀ ਜਾਂਚ ਕਰਨ ਲਈ ਜੋ ਕਮੇਟੀ ਬਣਾਈ ਗਈ ਸੀ, ਉਸ ’ਚ ਰਵਿੰਦਰ ਸਿੰਘ, ਜਨਰਲ ਸਕੱਤਰ ਇੰਦਰਜੀਤ ਸਿੰਘ, ਸੁਪਰਡੈਂਟ ਦਲਜੀਤ ਸਿੰਘ ਅਤੇ ਕਥਾਵਾਚਕ ਸੁਖਦੇਵ ਸਿੰਘ ਦੇ ਨਾਲ ਉਨ੍ਹਾਂ ਭੇਟ ਕੀਤੀਆਂ ਤਿੰਨੇ ਚੀਜ਼ਾਂ ਸਿਰੀ ਸਾਹਿਬ, ਪੀੜ੍ਹਾ ਸਾਹਿਬ ਅਤੇ ਵੱਡੀ ਕਲਗੀ ਦੀ ਮਸ਼ਹੂਰ ਜਿਊਲਰ ਤੋਂ ਜਾਂਚ ਕਰਵਾਈ।

ਉਨ੍ਹਾਂ ਕਿਹਾ ਕਿ ਡਾ. ਸਮਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਅਤੇ ਸੰਗਤ ਦੇ ਸਾਹਮਣੇ 5 ਕਿਲੋ ਸੋਨਾ ਅਤੇ 4 ਕਿਲੋ ਚਾਂਦੀ ਲੱਗਾ ਪੀੜ੍ਹਾ ਸਾਹਿਬ, ਜਿਸ ਦੀ ਕੀਮਤ 5 ਕਰੋੜ ਰੁਪਏ ਦੱਸੀ ਸੀ। ਇਸ ਦੇ ਨਾਲ ਹੀ ਲਗਭਗ ਡੇਢ ਕਿਲੋ ਸੋਨੇ ਦੀ ਕ੍ਰਿਪਾਨ ਦੇਣ ਦਾ ਵੀ ਜ਼ਿਕਰ ਕੀਤਾ ਸੀ। ਇਸ ਤੋਂ ਪਹਿਲਾਂ ਇਕ ਕਰੋੜ 30 ਲੱਖ ਰੁਪਏ ਦੀ ਕਲਗੀ ਦਿੱਤੇ ਜਾਣ ਦਾ ਵੀ ਜ਼ਿਕਰ ਕੀਤਾ ਗਿਆ ਸੀ। ਇਸ ਦੀ ਪੁਸ਼ਟੀ ਤਖ਼ਤ ਸਾਹਿਬ ਦੀ ਕਮੇਟੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਵੱਲੋਂ ਕਰਦਿਆਂ ਕਿਹਾ ਗਿਆ ਕਿ ਜਥੇਦਾਰ ਗਿਆਨੀ ਰਣਜੀਤ ਸਿੰਘ ਵੱਲੋਂ ਡਾ. ਸਮਰਾ ਤੇ ਉਨ੍ਹਾਂ ਦੇ ਪਰਿਵਾਰ ਤੇ ਸਾਥੀਆਂ ਨੂੰ ਸਿਰੋਪਾਓ ਵੀ ਭੇਟ ਕੀਤਾ ਗਿਆ ਸੀ।

ਸ. ਢਿੱਲੋਂ ਨੇ ਕਿਹਾ ਕਿ ਸਾਨੂੰ ਜਦ ਇਸ ਬਾਰੇ ਸ਼ੱਕ ਹੋਇਆ ਤਾਂ ਅਸੀਂ ਸ਼ਿਕਾਇਤ ਕੀਤੀ ਅਤੇ ਜਾਂਚ ਕਰਨ ਬਾਰੇ ਕਿਹਾ। ਜਾਂਚ ’ਚ ਪਾਇਆ ਗਿਆ ਕਿ ਜਿਸ ਪੀੜ੍ਹਾ ਸਾਹਿਬ ’ਤੇ 5 ਕਿਲੋ ਸੋਨਾ ਲੱਗਾ ਹੋਣ ਦੀ ਗੱਲ ਕਹੀ ਜਾ ਰਹੀ ਹੈ, ਉਸ ’ਤੇ ਸੁਨਿਆਰੇ ਅਨੁਸਾਰ ਸਿਰਫ 60-70 ਗ੍ਰਾਮ ਸੋਨਾ ਹੀ ਲੱਗਾ ਹੈ। ਇਸੇ ਤਰ੍ਹਾਂ ਕ੍ਰਿਪਾਨ ’ਤੇ ਵੀ ਨਾਂ-ਮਾਤਰ ਹੀ ਸੋਨਾ ਲੱਗਾ ਹੈ। ਹੁਣ ਸਵਾਲ ਇਹ ਹੈ ਕਿ ਡਾ. ਸਮਰਾ ਨੇ ਕਿਸੇ ਸਾਜ਼ਿਸ਼ ਤਹਿਤ ਨਕਲੀ ਸੋਨੇ ਦਾ ਸਾਮਾਨ ਭੇਟ ਕੀਤਾ ਜਾਂ ਫਿਰ ਕਿਸੇ ਨੇ ਅਸਲੀ ਸੋਨਾ ਗਾਇਬ ਕਰ ਦਿੱਤਾ?

ਪ੍ਰੈੱਸ ਕਾਨਫਰੈਂਸ ਦੌਰਾਨ ਰਾਜਾ ਸਿੰਘ, ਐੱਮ. ਪੀ. ਢਿੱਲੋਂ ਅਤੇ ਹਰਪਾਲ ਸਿੰਘ ਜੌਹਲ ਨੇ ਕਿਹਾ ਕਿ ਜਿਸ ਪੀੜ੍ਹੇ ਨੂੰ ਸੋਨੇ ਦਾ ਦੱਸਦੇ ਹੋਏ 15-20 ਕਰੋੜ ਦੀ ਲਾਗਤ ਦਾ ਦੱਸਿਆ ਜਾ ਰਿਹਾ ਹੈ, ਉਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜਥੇਦਾਰ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਅਸਲੀ ਸੋਨਾ ਗਾਇਬ ਕਰ ਕੇ ਨਕਲੀ ਸੋਨਾ ਰੱਖਣ ਦੇ ਬਦਲੇ ਐੱਫ. ਆਈ. ਆਰ. ਦਰਜ ਕਰਵਾਈ ਜਾਵੇ ਅਤੇ ਦੋਸ਼ੀਆਂ ’ਤੇ ਸਖਤ ਕਾਰਵਾਈ ਕੀਤੀ ਜਾਵੇ। ਪ੍ਰੈੱਸ ਕਾਨਫਰੈਂਸ ਦੌਰਾਨ ਅਮਰਜੀਤ ਸਿੰਘ ਸ਼ੰਮੀ ਅਤੇ ਤ੍ਰਿਲੋਕ ਸਿੰਘ ਨਿਸ਼ਾਦ ਵੀ ਮੌਜੂਦ ਸਨ।


Tanu

Content Editor

Related News