''ਨਮਸਤੇ ਟਰੰਪ'' ਦਾ ਆਯੋਜਨ ਮੇਰੇ ਲਈ ਸਨਮਾਨ ਦੀ ਗੱਲ : ਟਰੰਪ

Tuesday, Feb 25, 2020 - 02:11 PM (IST)

''ਨਮਸਤੇ ਟਰੰਪ'' ਦਾ ਆਯੋਜਨ ਮੇਰੇ ਲਈ ਸਨਮਾਨ ਦੀ ਗੱਲ : ਟਰੰਪ

ਨਵੀਂ ਦਿੱਲੀ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਮੰਗਲਵਾਰ ਭਾਵ ਅੱਜ ਇੱਥੇ ਹੈਦਰਾਬਾਦ ਹਾਊਸ 'ਚ ਦੋ-ਪੱਖੀ ਬੈਠਕ ਹੋਈ, ਜਿਸ ਵਿਚ ਟਰੰਪ ਨੇ ਅਹਿਮਦਾਬਾਦ 'ਚ ਸਰਦਾਰ ਪਟੇਲ ਸਟੇਡੀਅਮ 'ਚ 'ਨਮਸਤੇ ਟਰੰਪ' ਪ੍ਰੋਗਰਾਮ ਲਈ ਮੋਦੀ ਦਾ ਧੰਨਵਾਦ ਕੀਤਾ। ਹੈਦਰਾਬਾਦ ਹਾਊਸ 'ਚ ਮੋਦੀ ਨੇ ਟਰੰਪ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਦੋਹਾਂ ਨੇਤਾਵਾਂ ਵਿਚਾਲੇ ਸ਼ਾਂਤ ਥਾਂ 'ਤੇ ਗੱਲਬਾਤ ਹੋਈ। ਇਸ ਤੋਂ ਬਾਅਦ ਵਫਦ ਪੱਧਰ ਦੀ ਸ਼ਿਖਰ ਬੈਠਕ ਹੋਈ। 

PunjabKesari

ਸ਼ਾਂਤ ਥਾਂ 'ਤੇ ਦੋਹਾਂ ਨੇਤਾਵਾਂ 'ਚ ਹੋਈ ਬੈਠਕ 'ਚ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਦਾ ਰਸਮੀ ਸਵਾਗਤ ਕਰਦੇ ਹੋਏ ਕਿਹਾ ਕਿ ਮੈਂ ਤੁਹਾਡਾ ਅਤੇ ਅਮਰੀਕੀ ਵਫਦ ਦਾ ਭਾਰਤ 'ਚ ਸਵਾਗਤ ਕਰਦਾ ਹਾਂ। ਮੈਂ ਜਾਣਦਾ ਹਾਂ ਕਿ ਤੁਸੀਂ ਇਨ੍ਹੀਂ ਦਿਨੀਂ ਰੁੱਝੇ ਹੋ, ਫਿਰ ਵੀ ਤੁਸੀਂ ਭਾਰਤ ਆਉਣ ਲਈ ਸਮਾਂ ਕੱਢਿਆ। ਇਸ ਲਈ ਮੈਂ ਤੁਹਾਡਾ ਧੰਨਵਾਦੀ ਹਾਂ। ਇਸ ਤੋਂ ਬਾਅਦ ਟਰੰਪ ਨੇ ਵੀ ਭਾਰਤ ਯਾਤਰਾ ਦੇ ਅਨੁਭਵ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਕੱਲ ਸਟੇਡੀਅਮ 'ਚ ਮੇਰੇ ਲਈ ਬਹੁਤ ਸਨਮਾਨ ਦੀ ਗੱਲ ਸੀ। ਉੱਥੇ ਆਏ ਲੋਕ ਸ਼ਾਇਦ ਮੇਰੀ ਤੁਲਨਾ 'ਚ ਤੁਹਾਡੇ ਲਈ ਵੱਧ ਹੋਣਗੇ। ਇਕ ਲੱਖ 25 ਹਜ਼ਾਰ ਲੋਕ ਉੱਥੇ ਸਨ। ਹਰ ਵਾਰ ਜਦੋਂ ਮੈਂ ਤੁਹਾਡਾ ਨਾਂ ਲਿਆ, ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ। ਲੋਕ ਤੁਹਾਨੂੰ ਪਿਆਰ ਕਰਦੇ ਹਨ। 

PunjabKesari

ਇੱਥੇ ਦੱਸ ਦੇਈਏ ਕਿ ਵਫਦੀ ਪੱਧਰ ਦੀ ਬੈਠਕ 'ਚ ਦੋਹਾਂ ਦੇਸ਼ਾਂ ਵਿਚਾਲੇ ਕਈ ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ ਹਨ, ਜਿਸ 'ਚ ਕਰੀਬ 3 ਅਰਬ ਡਾਲਰ ਦੇ ਰੱਖਿਆ ਸਮਝੌਤੇ ਸ਼ਾਮਲ ਹਨ। ਰੱਖਿਆ ਅਤੇ ਸੁਰੱਖਿਆ, ਊਰਜਾ ਸੁਰੱਖਿਆ, ਵਿਗਿਆਨ ਅਤੇ ਤਕਨੀਕ, ਵਪਾਰ ਅਤੇ ਨਿਵੇਸ਼ ਤੋਂ ਇਲਾਵਾ ਵੱਖ-ਵੱਖ ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਵੀ ਦੋਹਾਂ ਨੇਤਾਵਾਂ ਵਿਚਾਲੇ ਚਰਚਾ ਹੋਈ। ਦੱਸਣਯੋਗ ਹੈ ਕਿ ਟਰੰਪ ਸ਼ਾਮ ਨੂੰ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਦੇ ਸਨਮਾਨ 'ਚ ਆਯੋਜਿਤ ਸਵਾਗਤ ਭੋਜ 'ਚ ਸ਼ਿਰਕਤ ਕਰਨ ਤੋਂ ਬਾਅਦ ਦੇਰ ਰਾਤ ਆਪਣੇ ਦੇਸ਼ ਰਵਾਨਾ ਹੋ ਜਾਣਗੇ।


author

Tanu

Content Editor

Related News