ਕੁੱਤੇ ਨਾਲ ਬੇਰਹਿਮੀ ਦੀ ਹੱਦ ਪਾਰ, ਰੱਸੀ ਨਾਲ ਬੰਨ੍ਹ ਸੜਕ ‘ਤੇ ਘਸੀਟਿਆ

Sunday, Oct 19, 2025 - 12:45 AM (IST)

ਕੁੱਤੇ ਨਾਲ ਬੇਰਹਿਮੀ ਦੀ ਹੱਦ ਪਾਰ, ਰੱਸੀ ਨਾਲ ਬੰਨ੍ਹ ਸੜਕ ‘ਤੇ ਘਸੀਟਿਆ

ਨੈਸ਼ਨਲ ਡੈਸਕ — ਰਾਜਸਥਾਨ ਦੇ ਭਾਰਤਪੁਰ ‘ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਕ ਵੀਡੀਓ ‘ਚ ਤਿੰਨ ਲੋਕ ਇਕ ਕੁੱਤੇ ਨੂੰ ਰੱਸੀ ਨਾਲ ਬੰਨ੍ਹ ਕੇ ਬਾਈਕ ਨਾਲ ਸੜਕ ‘ਤੇ ਘਸੀਟਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਸਾਹਮਣੇ ਆਉਣ ਦੇ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵੀਡੀਓ ਬਣਾਉਣ ਵਾਲੇ ਸ਼ਖ਼ਸ ਨੇ ਜਦੋਂ ਇਹ ਦਰਿੰਦਗੀ ਦੇਖੀ ਤਾਂ ਉਸਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਆਖ਼ਰਕਾਰ ਕੁੱਤੇ ਨੂੰ ਛੁਡਾ ਲਿਆ। ਉਸ ਵੇਲੇ ਕੁੱਤੇ ਦੀ ਹਾਲਤ ਬਹੁਤ ਖ਼ਰਾਬ ਸੀ, ਜਿਸ ਤੋਂ ਬਾਅਦ ਉਸਦਾ ਇਲਾਜ ਕਰਵਾਇਆ ਗਿਆ।

ਉਦਯੋਗ ਨਗਰ ਥਾਣਾ ਇੰਚਾਰਜ ਹਰਿਓਮ ਸ਼ਰਮਾ ਨੇ ਦੱਸਿਆ ਕਿ ਇਹ ਵੀਡੀਓ ਸਿਮਕੋ ਲੇਬਰ ਕਾਲੋਨੀ ਦੀ ਹੈ। ਪੁਲਸ ਨੇ ਜਾਂਚ ਕਰਕੇ ਦੋ ਮੁਲਜ਼ਮਾਂ ਅਰਜੁਨ ਸਿੰਘ ਅਤੇ ਪੁਸ਼ਪਿੰਦਰ ਸਿੰਘ, ਦੋਵੇਂ ਨਿਵਾਸੀ ਸਿਮਕੋ ਲੇਬਰ ਕਾਲੋਨੀ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵੀਡੀਓ ‘ਚ ਸਾਫ਼ ਦਿਖਾਈ ਦਿੰਦਾ ਹੈ ਕਿ ਤਿੰਨ ਲੋਕ ਬਾਈਕ ‘ਤੇ ਕੁੱਤੇ ਨੂੰ ਰੱਸੀ ਨਾਲ ਬੰਨ੍ਹ ਕੇ ਘਸੀਟ ਰਹੇ ਹਨ, ਜਦਕਿ ਪਿੱਛੇ ਇਕ ਹੋਰ ਵਿਅਕਤੀ ਇਹ ਸਭ ਵੀਡੀਓ ‘ਚ ਕੈਦ ਕਰ ਰਿਹਾ ਹੈ। ਜਦ ਵੀਡੀਓ ਬਣਾਉਣ ਵਾਲੇ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬਾਈਕ ਤੇਜ਼ੀ ਨਾਲ ਭਜਾ ਲੈ ਗਏ। ਆਖ਼ਿਰਕਾਰ, ਪਿੱਛਾ ਕਰਨ ਤੋਂ ਬਾਅਦ ਕੁੱਤੇ ਨੂੰ ਛੁਡਾ ਲਿਆ ਗਿਆ।

ਪੁਲਸ ਵੱਲੋਂ ਹੁਣ ਦੋ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਤੋਂ ਪੁੱਛਗਿੱਛ ਜਾਰੀ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਕਿ ਇਹ ਵੀਡੀਓ ਕਦੋਂ ਦਾ ਹੈ, ਪਰ ਸੋਸ਼ਲ ਮੀਡੀਆ ‘ਤੇ ਇਸ ਘਟਨਾ ਨੇ ਲੋਕਾਂ ਦੇ ਦਿਲ ਨੂੰ ਹਿਲਾ ਦਿੱਤਾ ਹੈ। ਲੋਕਾਂ ਵੱਲੋਂ ਦੋਸ਼ੀਆਂ ‘ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।


author

Inder Prajapati

Content Editor

Related News