ਹੈਰਾਨੀਜਨਕ ! ਪਾਲਤੂ ਕੁੱਤੇ ਦੀ ਬੀਮਾਰੀ ਤੋਂ ਪਰੇਸ਼ਾਨ 2 ਭੈਣਾਂ ਨੇ ਕੀਤੀ ਖੁਦਕੁਸ਼ੀ
Saturday, Dec 27, 2025 - 11:02 AM (IST)
ਲਖਨਊ- ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਲੰਮੇ ਸਮੇਂ ਤੋਂ ਡਿਪ੍ਰੈਸ਼ਨ ਅਤੇ ਪਾਲਤੂ ਕੁੱਤੇ ਦੀ ਬੀਮਾਰੀ ਕਾਰਨ ਮਾਨਸਿਕ ਤੌਰ 'ਤੇ ਪਰੇਸ਼ਾਨ 2 ਸਕੀਆਂ ਭੈਣਾਂ ਨੇ ਫਿਨਾਇਲ ਪੀ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਡੋਡਾ ਖੇੜਾ-ਜਲਾਲਪੁਰ ਇਲਾਕੇ ਦੀ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ 26 ਸਾਲਾ ਰਾਧਾ ਸਿੰਘ ਅਤੇ ਉਸ ਦੀ ਛੋਟੀ ਭੈਣ 22 ਸਾਲਾ ਜੀਆ ਸਿੰਘ ਵਜੋਂ ਹੋਈ ਹੈ। ਪੁਲਸ ਮੁਤਾਬਕ 24 ਦਸੰਬਰ ਨੂੰ ਦੁਪਹਿਰ ਕਰੀਬ ਢਾਈ ਵਜੇ ਇਕ ਨਿੱਜੀ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ 2 ਭੈਣਾਂ ਨੂੰ ਫਿਨਾਇਲ ਪੀਣ ਤੋਂ ਬਾਅਦ ਦਾਖਲ ਕਰਵਾਇਆ ਗਿਆ ਹੈ। ਇਲਾਜ ਦੌਰਾਨ ਰਾਧਾ ਸਿੰਘ ਦੀ ਮੌਤ ਹੋ ਗਈ, ਜਦਕਿ ਜੀਆ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ KGMU ਰੈਫਰ ਕੀਤਾ ਗਿਆ, ਜਿੱਥੇ ਬਾਅਦ 'ਚ ਉਸ ਦੀ ਵੀ ਮੌਤ ਹੋ ਗਈ।
ਇਹ ਵੀ ਪੜ੍ਹੋ : ਵਿਦਿਆਰਥੀਆਂ ਦੀਆਂ ਮੌਜਾਂ ! ਹਰਿਆਣਾ 'ਚ 1 ਤੋਂ 15 ਜਨਵਰੀ ਤੱਕ ਛੁੱਟੀਆਂ ਦਾ ਐਲਾਨ
ਲੰਮੇ ਸਮੇਂ ਤੋਂ ਸਨ ਬੀਮਾਰ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਦੋਵੇਂ ਭੈਣਾਂ ਕਾਫੀ ਸਮੇਂ ਤੋਂ ਡਿਪ੍ਰੈਸ਼ਨ 'ਚ ਸਨ। ਇਕ ਭੈਣ ਟੀਬੀ ਨਾਲ ਪੀੜਤ ਸੀ, ਜਦਕਿ ਦੂਜੀ 2014 ਤੋਂ ਡਿਪ੍ਰੈਸ਼ਨ ਦੀ ਮਰੀਜ਼ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੇ ਮਾਤਾ-ਪਿਤਾ ਗੁਲਾਬ ਦੇਵੀ ਅਤੇ ਕੈਲਾਸ਼ ਸਿੰਘ ਵੀ ਅਸਵਸਥ ਹਨ। ਪਰਿਵਾਰ 'ਚ ਇਕ ਭਰਾ ਵੀਰ ਸਿੰਘ ਹੈ, ਜੋ ਠੇਕੇਦਾਰੀ ਦਾ ਕੰਮ ਕਰਦਾ ਹੈ।
ਪਾਲਤੂ ਕੁੱਤੇ ਨਾਲ ਸੀ ਡੂੰਘਾ ਲਗਾਅ
ਪੁਲਸ ਮੁਤਾਬਕ ਦੋਵੇਂ ਭੈਣਾਂ ਨੇ ਹਾਲ ਹੀ 'ਚ ਇਕ ਪਾਲਤੂ ਕੁੱਤਾ ਗੋਦ ਲਿਆ ਸੀ ਅਤੇ ਉਹ ਉਸ ਨਾਲ ਭਾਵਨਾਤਮਕ ਤੌਰ ‘ਤੇ ਬਹੁਤ ਜੁੜੀਆਂ ਹੋਈਆਂ ਸਨ। ਕਰੀਬ ਇਕ ਮਹੀਨੇ ਤੋਂ ਉਹ ਕੁੱਤਾ ਵੀ ਬੀਮਾਰ ਸੀ, ਜਿਸ ਕਾਰਨ ਦੋਵੇਂ ਭੈਣਾਂ ਕਾਫੀ ਪਰੇਸ਼ਾਨ ਰਹਿੰਦੀਆਂ ਸਨ।
ਸੋਸ਼ਲ ਮੀਡੀਆ ਤੋਂ ਦੂਰ ਰਹਿੰਦੀਆਂ ਸਨ
ਪੁਲਸ ਨੇ ਦੱਸਿਆ ਕਿ ਦੋਵੇਂ ਭੈਣਾਂ ਨਾ ਤਾਂ ਮੋਬਾਈਲ ਫੋਨ ਵਰਤਦੀਆਂ ਸਨ ਅਤੇ ਨਾ ਹੀ ਸੋਸ਼ਲ ਮੀਡੀਆ। ਉਹ ਜ਼ਿਆਦਾਤਰ ਘਰ 'ਚ ਹੀ ਰਹਿੰਦੀਆਂ ਸਨ। ਇਕ ਭੈਣ ਕਈ ਵਾਰ ਗੁੱਸੇ ‘ਚ ਆ ਕੇ ਘਰ ਦਾ ਸਮਾਨ ਵੀ ਤੋੜ ਦਿੰਦੀ ਸੀ। ਪੁਲਸ ਅਨੁਸਾਰ ਕਿਸੇ ਨੇ ਵੀ ਉਨ੍ਹਾਂ ਨੂੰ ਫਿਨਾਇਲ ਪੀਂਦੇ ਨਹੀਂ ਦੇਖਿਆ ਅਤੇ ਮੌਕੇ ਤੋਂ ਕੋਈ ਖਾਸ ਸਬੂਤ ਵੀ ਨਹੀਂ ਮਿਲਿਆ। ਪਾਰਾ ਥਾਣੇ ਦੇ ਇੰਚਾਰਜ ਸੁਰੇਸ਼ ਸਿੰਘ ਨੇ ਦੱਸਿਆ ਕਿ ਦੋਵੇਂ ਕੁੜੀਆਂ ਦੇ ਵਿਸਰਾ ਸੁਰੱਖਿਅਤ ਰੱਖ ਕੇ ਫੋਰੈਂਸਿਕ ਲੈਬ ਭੇਜੇ ਗਏ ਹਨ, ਤਾਂ ਜੋ ਮੌਤ ਦੇ ਅਸਲ ਕਾਰਨ ਦੀ ਪੁਸ਼ਟੀ ਕੀਤੀ ਜਾ ਸਕੇ। ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਮਸ਼ਹੂਰ ਅਦਾਕਾਰ ਨੇ ਕੀਤੀ ਖ਼ੁਦਕੁਸ਼ੀ, ਹਾਲੀਵੁੱਡ 'ਚ ਪਸਰਿਆ ਮਾਤਮ
