ਸੁਪਰੀਮ ਕੋਰਟ ਦੀ ਚਿਤਾਵਨੀ ਤੋਂ ਬਾਅਦ ਵੀ ਕੰਮ 'ਤੇ ਨਹੀਂ ਪਰਤੇ ਡਾਕਟਰ

Wednesday, Sep 11, 2024 - 10:00 AM (IST)

ਕੋਲਕਾਤਾ- ਕੋਲਕਾਤਾ 'ਚ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਟ੍ਰੇਨੀ ਮਹਿਲਾ ਡਾਕਟਰ ਨਾਲ ਜਬਰ-ਜ਼ਿਨਾਹ ਅਤੇ ਕਤਲ ਮਾਮਲੇ 'ਤੇ ਡਾਕਟਰਾਂ ਦੀ ਹੜਤਾਲ ਅਜੇ ਜਾਰੀ ਹੈ। ਸੁਪਰੀਮ ਕੋਰਟ ਦੀ ਚਿਤਾਵਨੀ ਤੋਂ ਬਾਅਦ ਵੀ ਕੰਮ ’ਤੇ ਨਾ ਪਰਤੇ ਡਾਕਟਰਾਂ ’ਤੇ ਐਕਸ਼ਨ ਲੈਂਦੇ ਲੋਕਤੰਤਰਿਕ ਮਾਹੌਲ ਨੂੰ ਖਤਰੇ ’ਚ ਪਾਉਣ ਲਈ 51 ਡਾਕਟਰਾਂ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਉਨ੍ਹਾਂ ਨੂੰ 11 ਸਤੰਬਰ ਨੂੰ ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਦਰਅਸਲ ਕੋਰਟ ਨੇ ਡਾਕਟਰਾਂ ਨੂੰ ਕੰਮ 'ਤੇ ਪਰਤਣ ਦਾ ਅਲਟੀਮੇਟਮ ਦਿੱਤਾ ਸੀ। ਆਰ. ਜੀ. ਕਰ ਹਸਪਤਾਲ ਦੇ ਡਾਕਟਰਾਂ ਨੇ ਆਪਣੀ ਹੜਤਾਲ ਖ਼ਤਮ ਕਰਨ ਲਈ 5 ਮੰਗਾਂ ਰੱਖੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀ ਜਾਣਗੀਆਂ, ਉਹ ਹੜਤਾਲ ਜਾਰੀ ਰੱਖਣਗੇ। ਇਨ੍ਹਾਂ 5 ਮੰਗਾਂ ਵਿਚ ਸਿਹਤ ਸਕੱਤਰ ਅਤੇ ਕੋਲਕਾਤਾ ਪੁਲਸ ਚੀਫ਼ ਦਾ ਅਸਤੀਫ਼ਾ ਵੀ ਸ਼ਾਮਲ ਹੈ।

ਵਿਭਾਗ ਦਾ 51 ਡਾਕਟਰਾਂ ਨੂੰ ਨੋਟਿਸ, ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ
ਹਸਪਤਾਲ ਦੇ ਅਧਿਕਾਰੀਆਂ ਵੱਲੋਂ ਜਾਰੀ ਨੋਟਿਸ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਕਮੇਟੀ ਦੇ ਸਾਹਮਣੇ ਆਪਣੀ ਬੇਗੁਨਾਹੀ ਸਾਬਤ ਕਰਨੀ ਹੋਵੇਗੀ। ਆਰ. ਜੀ. ਕਰ ਹਸਪਤਾਲ ਦੀ ਵਿਸ਼ੇਸ਼ ਕੌਂਸਲ ਕਮੇਟੀ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਉਨ੍ਹਾਂ 51 ਡਾਕਟਰਾਂ ਲਈ ਸੰਸਥਾਨ ਦੇ ਕੰਪਲੈਕਸ ’ਚ ਦਾਖਲ ਹੋਣ ’ਤੇ ਪਾਬੰਦੀ ਹੈ, ਜਦੋਂ ਤੱਕ ਕਿ ਜਾਂਚ ਕਮੇਟੀ ਵੱਲੋਂ ਉਨ੍ਹਾਂ ਨੂੰ ਨਹੀਂ ਬੁਲਾਇਆ ਜਾਂਦਾ। ਹਸਪਤਾਲ ਦੇ ਪ੍ਰਿੰਸੀਪਲ ਵੱਲੋਂ ਦਸਤਖ਼ਤੀ ਨੋਟਿਸ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਡਾਕਟਰਾਂ ਦੇ ਕਾਲਜ ਦੀਆਂ ਸਰਗਰਮੀਆਂ ’ਚ ਭਾਗ ਲੈਣ ’ਤੇ ਵੀ ਪਾਬੰਦੀ ਲਾਈ ਗਈ ਹੈ। ਸੂਚੀ ’ਚ ਸੀਨੀਅਰ ਰੈਜੀਡੈਂਟ, ਹਾਊਸ ਸਟਾਫ, ਇੰਟਰਨ ਅਤੇ ਪ੍ਰੋਫੈਸਰ ਸ਼ਾਮਲ ਹਨ। 

ਸੂਤਰਾਂ ਮੁਤਾਬਕ ਬੰਗਾਲ ਸਰਕਾਰ ਨੇ ਗੱਲਬਾਤ ਲਈ ਡਾਕਟਰਾਂ ਨਾਲ ਸੰਪਰਕ ਕੀਤਾ ਹੈ। ਮਮਤਾ ਬੈਨਰਜੀ ਨੇ 10 ਪ੍ਰਦਰਸ਼ਨਕਾਰੀ ਡਾਕਟਰਾਂ ਦੇ ਇਕ ਵਫ਼ਦ ਨੂੰ ਸੱਦਾ ਭੇਜਿਆ ਹੈ। ਦੱਸ ਦੇਈਏ ਡਾਕਟਰਾਂ ਦਾ ਕਹਿਣਾ ਹੈ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਅਸੀਂ ਧਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ। ਡਾਰਟਰਾਂ ਦਾ ਕਹਿਣਾ ਹੈ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਹਨ ਅਤੇ ਪੀੜਤਾ ਨੂੰ ਨਿਆਂ ਨਹੀਂ ਮਿਲਿਆ ਹੈ। ਅਸੀਂ ਆਪਣਾ ਅੰਦੋਲਨ ਜਾਰੀ ਰੱਖਣਗੇ ਅਤੇ ਕੰਮ 'ਤੇ ਨਹੀਂ ਪਰਤਾਂਗੇ। 


Tanu

Content Editor

Related News