ਡਾਕਟਰਾਂ ਨੇ ਵਟਸਐਪ 'ਤੇ ਕਰਵਾਈ ਡਿਲਿਵਰੀ, ਪਰਮਾਤਮਾ ਦੀ ਕਿਰਪਾ ਨਾਲ ਮਾਂ-ਬੱਚਾ ਦੋਵੇਂ ਰਾਜੀ

Monday, Feb 13, 2023 - 10:31 AM (IST)

ਡਾਕਟਰਾਂ ਨੇ ਵਟਸਐਪ 'ਤੇ ਕਰਵਾਈ ਡਿਲਿਵਰੀ, ਪਰਮਾਤਮਾ ਦੀ ਕਿਰਪਾ ਨਾਲ ਮਾਂ-ਬੱਚਾ ਦੋਵੇਂ ਰਾਜੀ

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ 'ਚ ਬਰਫ਼ ਨਾਲ ਢਕੇ ਕੇਰਨ 'ਚ ਡਾਕਟਰਾਂ ਨੇ ਇਕ ਗਰਭਵਤੀ ਔਰਤ ਦੀ ਡਿਲਿਵਰੀ 'ਚ 'ਵਟਸਐੱਪ ਕਾਲ' 'ਤੇ ਮਦਦ ਕੀਤੀ। ਬਰਫ਼ਬਾਰੀ ਕਾਰਨ ਇਸ ਔਰਤ ਨੂੰ ਹੈਲੀਕਾਪਟਰ ਨਾਲ ਹਸਪਤਾਲ ਪਹੁੰਚਾਉਣਾ ਮੁਸ਼ਕਲ ਸੀ। ਕ੍ਰਾਲਪੁਰਾ ਦੇ ਬਲਾਕ ਮੈਡੀਕਲ ਅਧਿਕਾਰੀ ਡਾਕਟਰ ਮੀਰ ਮੁਹੰਮਦ ਸ਼ਫੀ ਨੇ ਕਿਹਾ,''ਸ਼ੁੱਕਰਵਾਰ ਰਾਤ, ਸਾਨੂੰ ਕੇਰਨ ਪੀ.ਐੱਚ.ਸੀ. (ਪ੍ਰਾਇਮਰੀ ਸਿਹਤ ਕੇਂਦਰ) 'ਚ ਜਣੇਪੇ ਦੇ ਦਰਦ ਨਾਲ ਪੀੜਤ ਇਕ ਔਰਤ ਮਿਲੀ।'' 

ਇਹ ਵੀ ਪੜ੍ਹੋ : ਐਂਬੂਲੈਂਸ ਨਹੀਂ ਮਿਲੀ ਤਾਂ ਬੀਮਾਰ ਪਿਤਾ ਨੂੰ ਰੇਹੜੀ 'ਤੇ ਹਸਪਤਾਲ ਲੈ ਕੇ ਗਿਆ 6 ਸਾਲ ਦਾ ਮਾਸੂਮ

ਉਨ੍ਹਾਂ ਦੱਸਿਆ ਕਿ ਉਹ ਗਰਭ ਅਵਸਥਾ ਦੌਰਾਨ ਕਈ ਜਟਿਲ ਸਿਹਤ ਸਮੱਸਿਆਵਾਂ ਨਾਲ ਪੀੜਤ ਸੀ। ਔਰਤ ਨੂੰ ਜਣੇਪਾ ਸਹੂਲਤਾਂ ਵਾਲੇ ਹਸਪਤਾਲ ਲਿਜਾਣ ਲਈ ਇਕ ਹੈਲੀਕਾਪਟਰ ਦੀ ਜ਼ਰੂਰਤ ਸੀ, ਕਿਉਂਕਿ ਸਰਦੀਆਂ ਦੌਰਾਨ ਕੇਰਨ ਦਾ ਕੁਪਵਾੜਾ ਜ਼ਿਲ੍ਹੇ ਦੇ ਬਾਕੀ ਹਿੱਸਿਆਂ ਨਾਲ ਸੜਕ ਸੰਪਰਕ ਕੱਟਿਆ ਜਾਂਦਾ ਹੈ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਲਗਾਤਾਰ ਹੋਈ ਬਰਫ਼ਬਾਰੀ ਕਾਰਨ ਅਧਿਕਾਰੀਆਂ ਨੇ ਹੈਲੀਕਾਪਟਰ ਦੀ ਵਿਵਸਥਾ ਨਹੀਂ ਕੀਤੀ, ਜਿਸ ਕਾਰਨ ਕੇਰਨ ਪੀ.ਐੱਚ.ਸੀ. 'ਚ ਮੈਡੀਕਲ ਕਰਮਚਾਰੀਆਂ ਨੂੰ ਜਣੇਪੇ 'ਚ ਮਦਦ ਲਈ ਵੈਕਲਪਿਕ ਉਪਾਅ ਲੱਭਣ ਲਈ ਮਜ਼ਬੂਰ ਹੋਣਾ ਪਿਆ। ਕ੍ਰਾਲਪੁਰਾ ਉੱਪ ਜ਼ਿਲ੍ਹਾ ਹਸਪਤਾਲ 'ਚ ਤਾਇਨਾਤ ਇਕ ਮਾਹਿਰ ਡਾ. ਪਰਵੇਜ਼ ਨੇ ਕੇਰਨ ਪੀ.ਐੱਚ.ਸੀ. 'ਚ ਡਾ. ਅਰਸ਼ਫ ਸੋਫੀ ਅਤੇ ਉਨ੍ਹਾਂ ਦੇ ਕਰਮੀਆਂ ਨੂੰ ਵਟਸਐੱਪ ਕਾਲ 'ਤੇ ਬੱਚੇ ਨੂੰ ਜਨਮ ਦੇਣ ਦੀ ਪ੍ਰਕਿਰਿਆ ਬਾਰੇ ਦੱਸਿਆ। ਡਾ. ਸ਼ਫੀ ਨੇ ਕਿਹਾ,''ਔਰਤ ਨੇ 6 ਘੰਟਿਆਂ ਬਾਅਦ ਇਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ। ਫਿਲਹਾਲ ਬੱਚਾ ਅਤੇ ਮਾਂ ਦੋਵੇਂ ਡਾਕਟਰਾਂ ਦੀ ਦੇਖਰੇਖ 'ਚ ਹਨ ਅਤੇ ਠੀਕ ਹਨ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News