ਮੋਦੀ ਵਿਰੋਧੀ ਹੋਏ ਇਕਜੁੱਟ, ਕੇਜਰੀਵਾਲ ਨੂੰ ਮਿਲੇ ਸਟਾਲਿਨ
Monday, Dec 10, 2018 - 05:13 PM (IST)

ਨਵੀਂ ਦਿੱਲੀ (ਭਾਸ਼ਾ)— ਵਿਰੋਧੀ ਦਲਾਂ ਦੀ ਇਕਜੁਟਤਾ ਲਈ ਸੋਮਵਾਰ ਨੂੰ ਪ੍ਰਸਤਾਵਤ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਤੋਂ ਪਹਿਲਾਂ ਵੱਖ-ਵੱਖ ਦਲਾਂ ਦੇ ਨੇਤਾ ਇਕ-ਦੂਜੇ ਨੂੰ ਮਿਲ ਰਹੇ ਹਨ। ਦਰਮੁਕ ਨੇਤਾ ਐੱਮ. ਕੇ. ਸਟਾਲਿਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਆਮ ਆਦਮੀ ਪਾਰਟੀ (ਆਪ) ਦੇ ਸੂਤਰਾਂ ਮੁਤਾਬਕ ਮੁੱਖ ਮੰਤਰੀ ਦੇ ਘਰ 'ਚ ਹੋਈ ਬੈਠਕ ਵਿਚ ਦਰਮੁਕ ਨੇਤਾ ਨੇ ਕੇਜਰੀਵਾਲ ਨਾਲ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਬਾਰੇ ਚਰਚਾ ਕੀਤੀ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੰਦਰਬਾਬੂ ਨਾਇਡੂ ਨਾਲ ਵੀ ਮੁਲਾਕਾਤ ਕੀਤੀ।
ਮੰਨਿਆ ਜਾ ਰਿਹਾ ਹੈ ਕਿ ਲੱਗਭਗ 20 ਮਿੰਟ ਦੀ ਮੁਲਾਕਾਤ ਦੌਰਾਨ ਸਟਾਲਿਨ ਨੇ ਖੇਤਰੀ ਦਲਾਂ ਦੀ ਕਾਂਗਰਸ ਨਾਲ ਤਲਖੀ ਨੂੰ ਮਿਟਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹਿੱਤ 'ਚ ਵਿਰੋਧੀ ਧਿਰ ਦੀ ਏਕਤਾ ਨੂੰ ਜ਼ਰੂਰੀ ਦੱਸਦੇ ਹੋਏ ਕਿਹਾ ਕਿ ਕਾਂਗਰਸ ਅਤੇ 'ਆਪ' ਸਮੇਤ ਹੋਰ ਖੇਤਰੀ ਦਲਾਂ ਨੂੰ ਮਤਭੇਦ ਭੁਲਾ ਕੇ ਇਕਜੁਟ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਦਫਤਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੇਜਰੀਵਾਲ ਵਿਰੋਧੀ ਦਲਾਂ ਦੇ ਨੇਤਾਵਾਂ ਦੀ ਸੋਮਵਾਰ ਨੂੰ ਦੁਪਹਿਰ ਬਾਅਦ ਹੋਣ ਵਾਲੀ ਬੈਠਕ 'ਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਉਹ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਵੀ ਮੁਲਾਕਾਤ ਕਰਨਗੇ।