ਭੋਪਾਲ ’ਚ ਤਲਾਕਸ਼ੁਦਾ ਮਰਦ ਮਨਾਉਣਗੇ ‘ਵਿਆਹ ਵਿਛੋੜਾ ਸਮਾਗਮ’
Monday, Sep 12, 2022 - 10:20 AM (IST)
ਭੋਪਾਲ- ਮੱਧ ਪ੍ਰਦੇਸ਼ ਦੇ ਭੋਪਾਲ ਸ਼ਹਿਰ ’ਚ ਇਕ ਗੈਰ-ਸਰਕਾਰੀ ਸੰਗਠਨ (ਐੱਨ. ਜੀ. ਓ.) ਉਨ੍ਹਾਂ 18 ਮਰਦਾਂ ਦੇ ਜਸ਼ਨ ਦੇ ਲਈ ‘ਵਿਆਹ ਵਿਛੋੜਾ ਸਮਾਗਮ’ ਦਾ ਆਯੋਜਨ ਕਰ ਰਿਹਾ ਹੈ, ਜਿਨ੍ਹਾਂ ਨੂੰ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਤਲਾਕ ਦੇ ਦਿੱਤਾ ਗਿਆ ਸੀ ਅਤੇ ਆਪਣੇ ਵਿਆਹ ਨੂੰ ਖਤਮ ਕਰਨ ਲਈ ਆਪਣੀ ਤਲਾਕਸ਼ੁਦਾ ਪਤਨੀ ਨੂੰ ਵੱਡੀ ਰਕਮ ਦਾ ਗੁਜ਼ਾਰਾ ਭੱਤਾ ਦੇ ਰਹੇ ਹਨ। ਇਸ ਪ੍ਰੋਗਰਾਮ ਦਾ ਆਯੋਜਨ 2014 ’ਚ ਰਜਿਸਟਰਡ ਐੱਨ. ਜੀ. ਓ. ‘ਭਾਈ ਵੈੱਲਫੇਅਰ ਸੋਸਾਇਟੀ’ ਵੱਲੋਂ 18 ਸਤੰਬਰ ਨੂੰ ਰਾਜਧਾਨੀ ਦੇ ਬਾਹਰੀ ਇਲਾਕੇ ’ਚ ਸਥਿਤ ਇਕ ਰਿਜ਼ਾਰਟ ’ਚ ਕੀਤਾ ਜਾ ਰਿਹਾ ਹੈ।
ਸੰਗਠਨ ਦੇ ਸੰਯੋਜਕ ਜਕੀ ਅਹਿਮਦ ਨੇ ਐਤਵਾਰ ਨੂੰ ਕਿਹਾ ਕਿ ਅਸੀਂ ਅਜਿਹੇ ਪਤੀਆਂ ਲਈ ਇਹ ਪ੍ਰੋਗਰਾਮ ਕਰ ਰਹੇ ਹਾਂ, ਜਿਨ੍ਹਾਂ ਦੀਆਂ ਪਤਨੀਆਂ ਉਨ੍ਹਾਂ ਨੂੰ ਤਲਾਕ ਦੇ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ’ਚ ਇਸ ਤਰ੍ਹਾਂ ਦਾ ਇਹ ਪਹਿਲਾ ਆਯੋਜਨ ਹੋਵੇਗਾ। ਅਹਿਮਦ ਨੇ ਦੱਸਿਆ, ‘‘ਇਹ ਇਕ ਗੈੱਟ-ਟੂਗੈਦਰ ਸੀ ਪਰ ਇਕ ਛੋਟੇ ਸਮੂਹ ਦੇ ਲਈ ਆਯੋਜਿਤ ਵਿਆਹ ਵਿਛੋੜਾ ਸਮਾਗਮ ਪ੍ਰੋਗਰਾਮ ਦਾ ਸੱਦਾ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਮੈਨੂੰ ਹੁਣ ਉਨ੍ਹਾਂ ਲੋਕਾਂ ਦੇ ਫੋਨ ਆ ਰਹੇ ਹਨ ਜੋ ਇਸ ਦਾ ਵਿਰੋਧ ਕਰ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਇਹ ਭਾਰਤੀ ਸੱਭਿਆਚਾਰ ਦੇ ਵਿਰੁੱਧ ਹੈ।’’
ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਲੋਕ ਸਾਡੇ ਇਸ ਸਮਾਰੋਹ ਦੇ ਕਿਸੇ ਵੀ ਪ੍ਰੋਗਰਾਮ ’ਤੇ ਇਤਰਾਜ਼ ਕਰਦੇ ਹਨ ਤਾਂ ਸੰਗਠਨ ਉਨ੍ਹਾਂ ਦੇ ਇਤਰਾਜ਼ ਦਾ ਹੱਲ ਕਰੇਗਾ। ਅਹਿਮਦ ਨੇ ਕਿਹਾ, ‘‘ਅਸੀਂ ਤਲਾਕ ਦਾ ਸਮਰਥਨ ਨਹੀਂ ਕਰਦੇ ਪਰ ਇਕ ਖਰਾਬ ਵਿਆਹ ਤੰਗ-ਪ੍ਰੇਸ਼ਾਨ ਅਤੇ ਕਦੀ-ਕਦੀ ਖੁਦਕੁਸ਼ੀ ਵੱਲ ਲੈ ਜਾਂਦੀ ਹੈ। ਅਸੀਂ ਇਸ ਨੂੰ ਰੋਕਣਾ ਚਾਹੁੰਦੇ ਹਾਂ। ਸਾਡਾ ਸੰਗਠਨ ਅਜਿਹੇ ਲੋਕਾਂ ਨੂੰ ਮੁਫਤ ਕਾਨੂੰਨੀ ਮਦਦ ਮੁਹੱਈਆ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਸਖਤ ਕਦਮ ਚੁੱਕਣ ਤੋਂ ਰੋਕਣ ਦੇ ਲਈ ਸਲਾਹ ਦੇ ਰਿਹਾ ਹੈ।’’