ਸੰਸਦ ''ਚ ਅੱਜ ਵੀ ਜਾਰੀ ਰਹੇਗੀ ''ਆਪਰੇਸ਼ਨ ਸਿੰਦੂਰ'' ''ਤੇ ਚਰਚਾ, ਅਮਿਤ ਸ਼ਾਹ ਦੁਪਹਿਰ 12 ਵਜੇ ਦੇਣਗੇ ਜਵਾਬ
Tuesday, Jul 29, 2025 - 10:59 AM (IST)

ਨੈਸ਼ਨਲ ਡੈਸਕ : ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਅਤੇ 'ਆਪਰੇਸ਼ਨ ਸਿੰਦੂਰ' 'ਤੇ ਸੰਸਦ 'ਚ ਚਰਚਾ ਅੱਜ ਵੀ ਜਾਰੀ ਰਹੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਪਹਿਰ 12 ਵਜੇ ਲੋਕ ਸਭਾ ਨੂੰ ਸੰਬੋਧਨ ਕਰਨਗੇ। ਇਹ ਚਰਚਾ ਸੋਮਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਸੰਬੋਧਨ ਨਾਲ ਸ਼ੁਰੂ ਹੋਈ ਸੀ, ਜੋ ਰਾਤ 1 ਵਜੇ ਤੱਕ ਚੱਲੀ। ਰਾਜਨਾਥ ਸਿੰਘ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਕਿਸ ਤਰ੍ਹਾਂ ਭਾਰਤ ਨੇ ਪਹਿਲਗਾਮ 'ਚ 26 ਸੈਲਾਨੀਆਂ ਦੀ ਜਾਨ ਲੈਣ ਵਾਲੇ ਅੱਤਵਾਦੀਆਂ ਦਾ ਸਫਾਇਆ ਕੀਤਾ। ਉਨ੍ਹਾਂ ਕਿਹਾ ਕਿ "ਆਪਰੇਸ਼ਨ ਸਿੰਦੂਰ" ਦੇ ਤਹਿਤ ਭਾਰਤ ਨੇ ਪਾਕਿਸਤਾਨ ਵਿਚ ਸਥਿਤ ਅੱਤਵਾਦੀ ਠਿਕਾਣਿਆਂ 'ਤੇ ਸਿੱਧਾ ਹਮਲਾ ਕੀਤਾ। ਇਹ ਕਾਰਵਾਈ ਭਾਰਤ ਦੀ ਅੱਤਵਾਦ ਦੇ ਖਿਲਾਫ "ਸਿਫਰ ਬਰਦਾਸ਼ਤ" ਨੀਤੀ ਨੂੰ ਦਰਸਾਉਂਦੀ ਹੈ। ਅੱਜ ਦੀ ਚਰਚਾ ਵਿੱਚ ਵਿਰੋਧੀ ਪੱਖ ਵੱਲੋਂ ਪ੍ਰਿਯੰਕਾ ਗਾਂਧੀ ਅਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਵਰਗੇ ਵੱਡੇ ਨੇਤਾ ਵੀ ਆਪਣੀ ਗੱਲ ਰਖਣਗੇ। ਇਸ ਦੇ ਨਾਲ ਹੀ ਰਾਜ ਸਭਾ 'ਚ ਵੀ ਅੱਜ ਤੋਂ 16 ਘੰਟਿਆਂ ਦੀ ਲੰਮੀ ਚਰਚਾ ਦੀ ਸ਼ੁਰੂਆਤ ਹੋਣੀ ਹੈ।
ਇਹ ਵੀ ਪੜ੍ਹੋ...ਦਿੱਲੀ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ, ਕਈ ਇਲਾਕਿਆਂ 'ਚ ਭਰਿਆ
‘ਆਪ੍ਰੇਸ਼ਨ ਸਿੰਧੂਰ’ ’ਤੇ ਬੀਤੇ ਕੱਲ੍ਹ ਚਰਚਾ ਦੌਰਾਨ ਸੰਸਦ ’ਚ ਹੋਈ ਤਿੱਖੀ ਬਹਿਸ
ਆਪ੍ਰੇਸ਼ਨ ਸਿੰਧੂਰ’ ’ਤੇ ਚਰਚਾ ਦੌਰਾਨ ਅੱਜ ਸੱਤਾ ਧਿਰ ਅਤੇ ਵਿਰੋਧੀ ਧਿਰ ਦਰਮਿਆਨ ਤਿੱਖੀ ਬਹਿਸ ਦੇਖਣ ਨੂੰ ਮਿਲੀ। ਚਰਚਾ ਦੀ ਸ਼ੁਰੂਆਤ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ‘ਆਪ੍ਰੇਸ਼ਨ ਸਿੰਧੂਰ’ ਨੂੰ ਕਿਸੇ ਦੇ ਦਬਾਅ ਹੇਠ ਰੋਕਣ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਕਿਹਾ ਕਿ ਇਸ ਆਪ੍ਰੇਸ਼ਨ ਦੇ ਸਾਰੇ ਮੰਤਵ ਹਾਸਲ ਕਰ ਲਏ ਗਏ ਹਨ । ਸਾਡਾ ਮੰਤਵ ਜੰਗ ਛੇੜਨਾ ਨਹੀਂ ਸਗੋਂ ਅੱਤਵਾਦੀਆਂ ਦੇ ਢਾਂਚੇ ਨੂੰ ਤਬਾਹ ਕਰਨਾ ਸੀ, ਜੋ 22 ਮਿੰਟਾਂ ’ਚ ਹੀ ਪੂਰਾ ਹੋ ਗਿਆ।
ਰੱਖਿਆ ਮੰਤਰੀ ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਵਿਰੋਧੀ ਧਿਰ ਵਾਲੇ ਪੁੱਛਦੇ ਹਨ ਕਿ ਸਾਡੇ ਕਿੰਨੇ ਜਹਾਜ਼ ਡੇਗੇ ਗਏ? ਇਹ ਸਵਾਲ ਰਾਸ਼ਟਰੀ ਭਾਵਨਾਵਾਂ ਨੂੰ ਸਹੀ ਢੰਗ ਨਾਲ ਨਹੀਂ ਦਰਸਾਉਂਦਾ। ਜਦੋਂ ਨਿਸ਼ਾਨੇ ਵੱਡੇ ਹੁੰਦੇ ਹਨ ਤਾਂ ਤੁਲਣਾ ’ਚ ਛੋਟੇ ਮੁੱਦਿਆਂ ’ਤੇ ਸਵਾਲ ਨਹੀਂ ਪੁੱਛੇ ਜਾਂਦੇ।
ਉਥੇ ਹੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਲੋਕ ਸਭਾ ਵਿਚ ਸਾਫ ਕੀਤਾ ਕਿ 22 ਅਪ੍ਰੈਲ ਤੋਂ 17 ਜੂਨ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ ਜੰਗਬੰਦੀ ਨੂੰ ਲੈ ਕੇ ਕੋਈ ਸਿੱਧੀ ਗੱਲਬਾਤ ਨਹੀਂ ਹੋਈ।
ਓਧਰ ਲੋਕ ਸਭਾ ’ਚ ਕਾਂਗਰਸ ਦੇ ਡਿਪਟੀ ਲੀਡਰ ਗੌਰਵ ਗੋਗੋਈ ਨੇ ਕੇਂਦਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਪਹਿਲਗਾਮ ’ਚ 26 ਨਿਰਦੋਸ਼ ਨਾਗਰਿਕਾਂ ਨੂੰ ਮਾਰਨ ਵਾਲੇ ਅੱਤਵਾਦੀ ਅਜੇ ਵੀ ਫਰਾਰ ਕਿਉਂ ਹਨ? ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਕਿੰਨੇ ਜਹਾਜ਼ਾਂ ਨੂੰ ਡੇਗਿਆ ਗਿਆ ਸੀ?
ਇਹ ਵੀ ਪੜ੍ਹੋ...ਡੇਟਿੰਗ ਐਪਸ ਨਾਲ ਨਾਬਾਲਗਾਂ 'ਚ ਡਿਪਰੈਸ਼ਨ ਦਾ ਖ਼ਤਰਾ ਵਧ, ਨਵੇਂ ਅਧਿਐਨ 'ਚ ਹੋਇਆ ਖ਼ੁਲਾਸਾ
ਉਨ੍ਹਾਂ ਸਰਕਾਰ ਨੂੰ ਪੁੱਛਿਆ ਕਿ ਜੇ ਅਸੀਂ ਹੁਣ ਵੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਵਾਪਸ ਨਹੀਂ ਲਵਾਂਗੇ ਤਾਂ ਫਿਰ ਕਦੋਂ ਲਵਾਂਗੇ? ਉਨ੍ਹਾਂ ਕਿਹਾ ਕਿ ਰਾਜਨਾਥ ਸਿੰਘ ਜੀ ਨੇ ਬਹੁਤ ਸਾਰੀ ਜਾਣਕਾਰੀ ਦਿੱਤੀ ਪਰ ਰੱਖਿਆ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਇਹ ਨਹੀਂ ਦੱਸਿਆ ਕਿ ਅੱਤਵਾਦੀ ਪਹਿਲਗਾਮ ’ਚ ਕਿਵੇਂ ਦਾਖਲ ਹੋਏ? ਅੱਤਵਾਦੀ ਉੱਥੇ ਕਿਵੇਂ ਪਹੁੰਚੇ ਤੇ ਲੋਕਾਂ ਨੂੰ ਕਿਵੇਂ ਮਾਰਿਆ? ਵਿਰੋਧੀ ਧਿਰ ਦਾ ਫਰਜ਼ ਬਣਦਾ ਹੈ ਕਿ ਉਹ ਦੇਸ਼ ਦੇ ਹਿੱਤ ਵਿੱਚ ਸਵਾਲ ਪੁੱਛੇ। ਦੇਸ਼ ਜਾਣਨਾ ਚਾਹੁੰਦਾ ਹੈ ਕਿ 5 ਅੱਤਵਾਦੀ ਕਿਵੇਂ ਦਾਖਲ ਹੋਏ? ਉਨ੍ਹਾਂ ਅੱਤਵਾਦੀਆਂ ਦਾ ਮੰਤਵ ਜੰਮੂ-ਕਸ਼ਮੀਰ ਦੀ ਆਰਥਿਕਤਾ ਨੂੰ ਤਬਾਹ ਕਰਨਾ ਤੇ ਦੇਸ਼ ’ਚ ਫਿਰਕੂ ਮਾਹੌਲ ਬਣਾਉਣਾ ਸੀ। ਗੋਗੋਈ ਨੇ ਕਿਹਾ ਰਿ 100 ਦਿਨ ਬੀਤ ਗਏ ਪਰ 5 ਅੱਤਵਾਦੀ ਨਹੀਂ ਫੜੇ ਜਾ ਸਕੇ। ਅਜਿਹਾ ਕਿਉਂ ਹੈ? ਦੇਸ਼ ਜਾਣਨਾ ਚਾਹੁੰਦਾ ਹੈ। ਗੋਗੋਈ ਨੇ ਕਿਹਾ ਕਿ ਉਪ ਰਾਜਪਾਲ ਮਨੋਜ ਸਿਨ੍ਹਾ ਨੇ ਸੁਰੱਖਿਆ ’ਚ ਹੋਈ ਕੁਤਾਹੀ ਦੀ ਜ਼ਿੰਮੇਵਾਰੀ ਲਈ ਹੈ ਪਰ ਇਹ ਜ਼ਿੰਮੇਵਾਰੀ ਕੇਂਦਰੀ ਗ੍ਰਹਿ ਮੰਤਰੀ ਨੂੰ ਲੈਣੀ ਚਾਹੀਦੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਰਕਾਰ ਇੰਨੀ ਕਮਜ਼ੋਰ ਤੇ ਡਰਪੋਕ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਇਸ ਨੇ ਟੂਰ ਆਪਰੇਟਰਾਂ ਨੂੰ ਦੋਸ਼ੀ ਠਹਿਰਾਇਆ ਕਿ ਉਨ੍ਹਾਂ ਕਾਰਨ ਹੀ ਇੰਨੀ ਵੱਡੀ ਗਿਣਤੀ ’ਚ ਲੋਕ ਉੱਥੇ ਪਹੁੰਚੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e