ਕਿਸਾਨਾਂ ਤੇ ਦਲਿਤਾਂ ਦੇ ਮੁੱਦਿਆਂ ''ਤੇ ਸੰਸਦ ''ਚ ਹੰਗਾਮਾ

Wednesday, Jul 19, 2017 - 10:03 PM (IST)

ਨਵੀਂ ਦਿੱਲੀ—ਸੰਸਦ ਦਾ ਮਾਨਸੂਨ ਸੈਸ਼ਨ  ਬੁੱਧਵਾਰ ਦੀ ਉਮੀਦ ਮੁਤਾਬਕ ਹੰਗਾਮਿਆਂ ਭਰਪੂਰ ਰਿਹਾ। ਕਿਸਾਨਾਂ, ਦਲਿਤਾਂ ਦੇ ਮੁੱਦਿਆਂ 'ਤੇ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦਰਮਿਆਨ ਝੜਪਾਂ ਤੇ ਹੰਗਾਮੇ ਹੋਏ। ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ ਤਕ ਮੁਲਤਵੀ ਕਰਨੀ ਪਈ। ਰਾਜ ਸਭਾ ਵਿਚ ਵੀ ਹੰਗਾਮਾ ਕਰ ਰਹੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਕਿਸਾਨਾਂ ਦੇ ਮੁੱਦਿਆਂ 'ਤੇ ਚਰਚਾ ਜ਼ਰੂਰ ਕਰਵਾਈ ਜਾਵੇਗੀ।
ਕੀ ਕਿਸਾਨ ਅੱਤਵਾਦੀ ਹਨ? : ਰਾਜੂ ਸ਼ੈਟੀ : ਮੱਧ ਪ੍ਰਦੇਸ਼ ਦੇ ਮੰਦਸੌਰ ਵਿਖੇ ਬੀਤੇ ਦਿਨੀਂ ਕਿਸਾਨਾਂ 'ਤੇ ਹੋਈ ਫਾਇਰਿੰਗ ਦਾ ਮੁੱਦਾ ਬੁੱਧਵਾਰ ਲੋਕ ਸਭਾ ਵਿਚ ਉਠਾਉਂਦਿਆਂ ਸੱਤਾਧਾਰੀ ਗਠਜੋੜ ਰਾਜਗ ਵਿਚ ਸ਼ਾਮਲ ਸਵੈਭਿਮਾਨ ਪਾਰਟੀ ਦੇ ਇਕ ਮੈਂਬਰ ਰਾਜੂ ਸ਼ੈਟੀ ਨੇ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ ਅਤੇ ਭਾਜਪਾ ਮੈਂਬਰਾਂ ਦੇ ਟੋਕਣ 'ਤੇ ਕਿਹਾ ਕਿ ਕੀ ਕਿਸਾਨ ਅੱਤਵਾਦੀ ਹਨ ਜਿਨ੍ਹਾਂ ਨਾਲ ਸੰਬੰਧਿਤ ਮੁੱਦੇ ਉਠਾਉਣਾ ਗੁਨਾਹ ਹੈ? ਉਨ੍ਹਾਂ ਕਿਹਾ ਕਿ ਅਸੀਂ ਹਾਊਸ ਵਿਚ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਨਹੀਂ ਉਠਾ ਸਕਦੇ? ਉਨ੍ਹਾਂ ਕਿਹਾ ਕਿ ਸੱਤਾ ਦੀ ਜਿਸ ਕੁਰਸੀ 'ਤੇ ਭਾਜਪਾ ਬੈਠੀ ਹੈ ਉਸ  ਦਾ ਸਿਹਰਾ ਸਵੈਭਿਮਾਨ ਪਾਰਟੀ ਨੂੰ ਵੀ ਜਾਂਦਾ ਹੈ। ਜਦੋਂ ਸਪੀਕਰ ਨੇ ਉਨ੍ਹਾਂ ਨੂੰ ਆਪਣੀ ਗੱਲ ਖਤਮ ਕਰਨ ਲਈ ਕਿਹਾ ਤਾਂ ਸ਼ੈਟੀ ਨੇ ਕਿਹਾ ਕਿ ਜੇ ਮੈਨੂੰ ਬੋਲਣ ਦੀ ਆਗਿਆ ਨਹੀਂ ਦਿੱਤੀ ਗਈ ਤਾਂ ਮੈਂ ਇਸ ਦੀ ਨਿਖੇਧੀ ਕਰਾਂਗਾ।
ਕਾਂਗਰਸ ਤੇ ਜਨਤਾ ਦਲ (ਯੂ) ਦੇ ਮੈਂਬਰਾਂ ਵਲੋਂ ਵਿਰੋਧ
ਕਾਂਗਰਸ ਅਤੇ ਜਨਤਾ ਦਲ (ਯੂ) ਦੇ ਮੈਂਬਰਾਂ ਨੇ ਕਿਸਾਨਾਂ ਦੇ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਏ। ਆਗੂਆਂ ਨੇ ਕਿਸਾਨਾਂ ਦੀਆਂ ਆਤਮਹੱਤਿਆਵਾਂ, ਘੱਟੋ-ਘੱਟ ਵਸੂਲੀ ਕੀਮਤ ਅਤੇ ਹੋਰਨਾਂ ਘਟਨਾਵਾਂ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਜਨਤਾ ਦਲ (ਯੂ) ਦੇ ਸ਼ਰਦ ਯਾਦਵ ਨੇ ਦਾਲਾਂ ਨੂੰ ਬਾਹਰ ਤੋਂ ਮੰਗਵਾਉਣ ਲਈ ਸਰਕਾਰ ਦੀ ਆਲੋਚਨਾ ਕੀਤੀ। ਕਾਂਗਰਸ ਦੇ ਦਿਗਵਿਜੇ ਸਿੰਘ ਨੇ ਕਿਹਾ ਕਿ ਕਿਸਾਨ ਜੰਤਰ-ਮੰਤਰ 'ਤੇ ਧਰਨਾ ਦੇ ਰਹੇ ਹਨ ਪਰ ਸਰਕਾਰ ਚੁੱਪ ਬੈਠੀ ਹੈ। ਕਾਂਗਰਸ ਦੇ ਆਨੰਦ ਸ਼ਰਮਾ ਨੇ ਕਿਹਾ ਕਿ ਸੰਸਦ ਮੈਂਬਰਾਂ ਦੀ ਤਨਖਾਹ ਵਿਚ ਵਾਧਾ ਕਰਨਾ ਚਾਹੀਦਾ ਹੈ।


Related News