ਨਹੀਂ ਦਿੱਤਾ ਸਿੱਖਾਂ ਬਾਰੇ ਕੋਈ ਬਿਆਨ, ਅਕਸ ਖਰਾਬ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ : ਆਰਪੀ ਸਿੰਘ
Wednesday, Feb 19, 2025 - 10:18 PM (IST)

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਥੇ ਸਿਆਸੀ ਸਰਗਰਮੀ ਤੇਜ਼ ਰਹੀ ਉੱਥੇ ਹੀ ਸੋਸ਼ਲ ਮੀਡੀਆ ਉੱਤੇ ਇਕ ਪੋਸਟ ਤੇਜ਼ੀ ਨਾਲ ਵਾਇਰਲ ਹੁੰਦੀ ਦਿਖਾਈ ਦਿੱਤੀ, ਜਿਸ ਵਿਚ ਭਾਜਪਾ ਆਗੂ ਆਰਪੀ ਸਿੰਘ ਦਾ ਨਾਂ ਲੈ ਕਿ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਿਹਾ ਗਿਆ ਸੀ। ਇਸ ਪੋਸਟ ਦੀ ਜਿੱਥੇ ਭਾਜਪਾ ਆਗੂ ਨੇ ਨਿਖੇਧੀ ਕੀਤੀ ਹੈ ਉੱਥੇ ਹੀ ਉਨ੍ਹਾਂ ਦਾ ਨਾਂ ਲੈ ਕੇ ਗਲਤ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਨ ਨੂੰ ਲੈ ਕੇ ਦਿੱਲੀ ਦੇ ਸਾਈਬਰ ਸੈਲ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਦੱਸ ਦਈਏ ਕਿ ਸੋਸ਼ਲ ਮੀਡੀਆ ਉੱਤੇ ਝੁਝਾਰ ਸਿੰਘ ਤੇ SISGANSAHIB SEWAKJATHA ਨਾਂ ਦੀਆਂ ਫੇਸਬੁੱਕ ਪ੍ਰੋਫਾਈਲਾਂ ਉੱਤੇ ਭਾਜਪਾ ਆਗੂ ਦਾ ਨਾਂ ਲੈ ਕੇ ਲਿਖਿਆ ਗਿਆ ਕਿ 'ਹਰ ਸਿੱਖ ਕੇਸਾਧਾਰੀ ਹਿੰਦੂ ਹੈ ਤੇ ਆਪਣੇ ਹਿੰਦੂ ਹੋਣ 'ਤੇ ਮਾਣ ਹੋਣਾ ਚਾਹੀਦਾ ਹੈ। ਦਿੱਲੀ ਦੀ ਜਿੱਤ ਤੋਂ ਬਾਅਦ ਹੁਣ ਭਾਜਪਾ ਨੂੰ ਭਾਰਤ ਹਿੰਦੂ ਰਾਸ਼ਟਰ ਐਲਾਨ ਕਰ ਦੇਣਾ ਚਾਹੀਦਾ ਹੈ। ਸਾਡਾ ਸੰਕਲਪ ਭਾਰਤ ਹਿੰਦੂ ਰਾਸ਼ਟਰ ਸੀ ਤੇ ਰਹੇਗਾ।' ਇਹ ਪੋਸਟ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਪੋਸਟ ਤੋਂ ਬਾਅਦ ਜਿੱਥੇ ਆਰਪੀ ਸਿੰਘ ਨੇ ਖੁਦ ਨੂੰ ਇਸ ਬਿਆਨ ਤੋਂ ਵੱਖ ਕਰ ਲਿਆ ਉੱਥੇ ਹੀ ਉਨ੍ਹਾਂ ਖਿਲਾਫ ਗਲਤ ਤੇ ਗੁਮਰਾਕੁੰਨ ਜਾਣਕਾਰੀ ਫੈਲਾਉਣ ਲਈ ਦਿੱਲੀ ਦੀ ਸਾਈਬਰ ਸੈੱਲ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਸ਼ਿਕਾਇਤ ਵਿਚ ਉਨ੍ਹਾਂ ਨੇ ਇਨ੍ਹਾਂ ਸੋਸ਼ਲ ਮੀਡੀਆ ਖਾਤਿਆਂ ਦੀ ਜਾਣਕਾਰੀ ਸਾਂਝੀ ਕੀਤੀ ਤੇ ਉਨ੍ਹਾਂ ਦਾ ਅਕਸ ਖਰਾਬ ਕਰਨ ਦੀ ਗੱਲ ਆਖੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁਲਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਵੀ ਗੱਲ ਕਹੀ।