ਦਿੱਲੀ ਮਹਿਲਾ ਕਮਿਸ਼ਨ ਦਾ DGCA ਨੂੰ ਨਿਰਦੇਸ਼, ਨਸ਼ੇ ’ਚ ਟੱਲੀ ਵਿਅਕਤੀਆਂ ਨੂੰ ਜਹਾਜ਼ ’ਚ ਚੜਨ ਤੋਂ ਰੋਕੋ
Thursday, Mar 16, 2023 - 12:11 PM (IST)
ਨਵੀਂ ਦਿੱਲੀ, (ਭਾਸ਼ਾ)– ਦਿੱਲੀ ਮਹਿਲਾ ਕਮਿਸ਼ਨ ਨੇ ਜਹਾਜ਼ ਵਿਚ ਦੁਰਵਿਵਹਾਰ ਦੇ ਵਧਦੇ ਮਾਮਲਿਆਂ ਦਰਮਿਆਨ ਸ਼ਹਿਰੀ ਹਵਾਬਾਜ਼ੀ ਜਨਰਲ ਡਾਇਰੈਕਟੋਰੇਟ (ਡੀ. ਜੀ. ਸੀ. ਏ.) ਨੂੰ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿਚ ਨਸ਼ੇ ’ਚ ਟੱਲੀ ਵਿਅਕਤੀਆਂ ਨੂੰ ਜਹਾਜ਼ ਵਿਚ ਚੜਨ ਤੋਂ ਰੋਕਣ, ਸੀਮਤ ਮਾਤਰਾ ਵਿਚ ਸ਼ਰਾਬ ਦੀ ਵਰਤੋਂ ਦੀ ਇਜਾਜ਼ਤ ਦੇਣ, ਸੀ. ਸੀ. ਟੀ. ਵੀ. ਕੈਮਰੇ ਲਗਾਉਣ ਅਤੇ ਸੈਕਸ ਸ਼ੋਸ਼ਣ ਨੂੰ ਲੈ ਕੇ ਕਰਮਚਾਰੀਆਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ ਹੈ।
ਕਮਿਸ਼ਨ ਨੇ ਜਨਰਲ ਡਾਇਰੈਕਟੋਰੇਟ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਉਸ ਨੇ ਹਾਲ ਹੀ ਦੇ ਮਹੀਨਿਆਂ ਵਿਚ ਜਹਾਜ਼ਾਂ ਵਿਚ ਦੁਰਵਿਵਹਾਰ ਦੀਆਂ ਵੱਧਦੀਆਂ ਘਟਨਾਵਾਂ ’ਤੇ ਗੌਰ ਕੀਤਾ ਹੈ। ਅਜਿਹੀਆਂ ਘਟਨਾਵਾਂ ਯਾਤਰੀਆਂ ਲਈ ਬੇਹੱਦ ਅਣਸੁਖਾਵੀਂਆਂ ਅਤੇ ਕਸ਼ਟਦਾਇਕ ਹੁੰਦੀਆਂ ਹਨ। ਕਮਿਸ਼ਨ ਨੇ ਕਿਹਾ ਕਿ ਹਾਲ ਹੀ ਵਿਚ 2 ਜਹਾਜ਼ਾਂ ਵਿਚ ਯਾਤਰੀਆਂ ਵਲੋਂ ਤੰਗ-ਪ੍ਰੇਸ਼ਾਨ ਅਤੇ ਦੁਰਾਚਾਰ ਦੇ ਮਾਮਲੇ ਮੀਡੀਆ ਵਿਚ ਆਏ ਹਨ। ਇਕ ਮਾਮਲਾ 26 ਨਵੰਬਰ, 2022 ਨੂੰ ਸਾਹਮਣੇ ਆਇਆ, ਜਿਸ ਵਿਚ ਨਿਊਯਾਰਕ ਤੋਂ ਨਵੀਂ ਦਿੱਲੀ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ ਵਿਚ ਕਥਿਤ ਤੌਰ ’ਤੇ ਵਿਅਕਤੀ ਨੇ 70 ਸਾਲਾ ਇਕ ਮਹਿਲਾ ਨੂੰ ਗੁਪਤ ਅੰਗ ਦਿਖਾਇਆ ਅਤੇ ਉਨ੍ਹਾਂ ’ਤੇ ਪੇਸ਼ਾਬ ਕੀਤਾ।