ਮਾਂ ਜਵਾਲਾਮੁਖੀ ਮੰਦਰ ''ਚ ਸ਼ਰਧਾਲੂ ਨੇ ਚੜ੍ਹਾਏ 2 ਹਜ਼ਾਰ ਦੇ 400 ਨੋਟ

Tuesday, May 23, 2023 - 10:11 AM (IST)

ਜਵਾਲਾਮੁਖੀ- ਪਿਛਲੇ ਦਿਨੀਂ 2 ਹਜ਼ਾਰ ਦੇ ਨੋਟ ਬੰਦ ਹੋਣ ਦੇ ਬਾਅਦ ਹੀ ਇਕ ਸ਼ਰਧਾਲੂ ਨੇ ਜਵਾਲਾਮੁਖੀ ਮੰਦਰ 'ਚ ਪਹੁੰਚ ਕੇ 2000 ਦੇ 400 ਨੋਟ ਯਾਨੀ ਕੁੱਲ 8 ਲੱਖ ਰੁਪਏ ਮਾਂ ਜਵਾਲਾਮੁਖੀ ਦੇ ਦਰਬਾਰ 'ਚ ਚੜ੍ਹਾਏ। ਐਤਵਾਰ ਨੂੰ ਹੋਈ ਗਿਣਤੀ ਤੋਂ ਬਾਅਦ ਮਾਮਲੇ ਦਾ ਪਤਾ ਲੱਗਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਨੋਟ ਸ਼ਨੀਵਾਰ ਨੂੰ ਹੀ ਚੜ੍ਹਾਏ ਗਏ ਹਨ। ਇਸ ਤੋਂ ਇਕ ਦਿਨ ਪਹਿਲਾਂ ਹੀ 19 ਮਈ ਨੂੰ ਭਾਰਤੀ ਰਿਜ਼ਰਵ ਬੈਂਕ ਨੇ 2000 ਦੇ ਨੋਟ ਚਲਨ ਤੋਂ ਬਾਹਰ ਕਰਨ ਦਾ ਐਲਾਨ ਕੀਤਾ ਸੀ। 

ਦੱਸਣਯੋਗ ਹੈ ਕਿ ਅਜੇ 2 ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ 2 ਹਜ਼ਾਰ ਦਾ ਨੋਟ ਬੰਦ ਕੀਤਾ ਹੈ ਅਤੇ ਉਸ ਦੇ ਤੁਰੰਤ ਬਾਅਦ ਇਕ ਸ਼ਰਧਾਲੂ ਵਲੋਂ 2000 ਰੁਪਏ ਦੇ 400 ਨੋਟਾਂ ਨੂੰ ਚੜ੍ਹਾਉਣਾ ਆਪਣੇ ਆਪ 'ਚ ਕਈ ਸਵਾਲ ਖੜ੍ਹੇ ਕਰਦਾ ਹੈ। ਮੰਦਰ ਦੇ ਜੂਨੀਅਰ ਇੰਜੀਨੀਅਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸ਼ਰਧਾਲੂਆਂ ਵਲੋਂ ਇਹ ਰਾਸ਼ੀ ਚੜ੍ਹਾਈ ਗਈ ਹੈ ਅਤੇ ਮਾਂ ਦੇ ਦਰਬਾਰ 'ਚ ਕਈ ਵੱਡੇ ਤੋਂ ਵੱਡੇ ਭਗਤ ਆਉਂਦੇ ਹਨ ਜੋ ਹਮੇਸ਼ਾ ਵੱਡੀਆਂ-ਵੱਡੀਆਂ ਸੌਗਾਤਾਂ ਮਾਂ ਦੇ ਚਰਨਾਂ 'ਚ ਭੇਟ ਕਰਦੇ ਹਨ ਅਤੇ ਵੱਡੇ-ਵੱਡੇ ਚੜ੍ਹਾਵੇ ਮਾਂ ਦੇ ਦਰਬਾਰ 'ਚ ਅਰਪਿਤ ਕਰਦੇ ਹਨ। ਨਗਰ ਪ੍ਰੀਸ਼ਦ ਜਵਾਲਾਮੁਖੀ ਦੇ ਪ੍ਰਧਾਨ ਧਰਮੇਂਦਰ ਸ਼ਰਮਾ ਨੇ ਦੱਸਿਆ ਕਿ ਅਜੇ ਸਤੰਬਰ ਮਹੀਨੇ ਤੱਕ 2000 ਦੇ ਨੋਟ ਬੈਂਕ 'ਚ ਬਦਲੇ ਜਾ ਸਕਦੇ ਹਨ। ਅਜਿਹੇ 'ਚ ਮਾਂ ਜਵਾਲਾਮੁਖੀ ਦੇ ਦਰਬਾਰ 'ਚ ਜੇਕਰ 2000 ਦੇ ਨੋਟ ਆਉਂਦੇ ਹਨ ਤਾਂ ਯਕੀਨੀ ਤੌਰ 'ਤੇ ਉਨ੍ਹਾਂ ਦਾ ਮੰਦਰ ਨੂੰ ਲਾਭ ਹੋਵੇਗਾ। ਮੰਦਰ ਦੇ ਵਿਕਾਸ ਕੰਮਾਂ 'ਤੇ ਇਹ ਪੈਸਾ ਖਰਚ ਕੀਤਾ ਜਾਵੇਗਾ। ਨੈਨਾ ਦੇਵੀ ਮੰਦਰ ਅਧਿਕਾਰੀ ਵਿਪਨ ਠਾਕੁਰ ਨੇ ਦੱਸਿਆ ਕਿ 19 ਮਈ ਨੂੰ 2000 ਦੇ ਨੋਟ ਬੰਦ ਹੋਣ ਦੇ ਐਲਾਨ ਤੋਂ ਬਾਅਦ ਮੰਦਰ 'ਚ 22 ਮਈ ਸ਼ਾਮ 2000 ਰੁਪਏ ਦੇ 357 ਨੋਟ ਚੜ੍ਹਾਵੇ ਵਜੋਂ ਚੜ੍ਹ ਚੁੱਕੇ ਹਨ। ਦੂਜੇ ਪਾਸੇ ਮਾਤਾ ਚਿੰਤਪੂਰਨੀ ਮੰਦਰ ਅਧਿਕਾਰੀ ਬਲਵੰਤ ਪਟਿਆਲ ਨੇ ਦੱਸਿਆ ਕਿ 19 ਮਈ ਤੋਂ ਬਾਅਦ 22 ਮਈ ਤੱਕ 2000 ਰੁਪਏ ਦੇ 164 ਨੋਟ ਚੜ੍ਹਾਵੇ ਵਜੋਂ ਮਿਲੇ ਹਨ।


DIsha

Content Editor

Related News